ਪੁਲਿਸ ਅਧਿਕਾਰੀ ਕਤਲ ਦੀ ਜਾਣਕਾਰੀ ਦਿੰਦੇ ਹੋਏ (ਈਟੀਵੀ ਭਾਰਤ ਪੱਤਰਕਾਰ) ਕਪੂਰਥਲਾ: ਸ਼ਹਿਰ ਦੇ ਢਿਲਵਾਂ ਹਾਈਵੇਅ ਨੇੜੇ ਇਕ ਔਰਤ ਦੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਿਸ ਨੇ ਇਕ ਔਰਤ ਸਮੇਤ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਕਾਰਵਾਈ ਮ੍ਰਿਤਕ ਔਰਤ ਦੇ ਪਿਤਾ ਦੇ ਬਿਆਨਾਂ 'ਤੇ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਭੁਲੱਥ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਕਤਲ ਨੂੰ ਲੈਕੇ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਦੀ ਪਛਾਣ ਵੀ ਕਰ ਲਈ ਗਈ ਹੈ। ਜਲਦੀ ਹੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਅਣਪਛਾਤੀ ਲੜਕੀ ਦੀ ਮਿਲੀ ਸੀ ਲਾਸ਼: ਇਸ ਸਬੰਧੀ ਜਾਣਕਾਰੀ ਅਨੁਸਾਰ ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੇ ਪਿਤਾ ਦੇ ਬਿਆਨਾਂ 'ਤੇ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਜਾਣਕਾਰੀ ਪੁਲਿਸ ਨੂੰ ਮਿਲੀ ਸੀ ਕਿ ਢਿਲਵਾਂ ਹਾਈਵੇਅ ਨੇੜੇ ਇੱਕ ਲੜਕੀ ਦੀ ਲਾਸ਼ ਪਈ ਹੋਈ ਹੈ, ਜਿਸ 'ਤੇ ਸਾਰੀ ਪੁਲਿਸ ਪਾਰਟੀ ਮੌਕੇ 'ਤੇ ਗਈ ਤਾਂ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਅਣਪਛਾਤੇ ਦੇ ਤੌਰ 'ਤੇ ਜਾਂਚ ਸ਼ੁਰੂ ਕੀਤੀ ਸੀ ਪਰ ਕੁੜੀ ਦੇ ਬੈਗ ਤੋਂ ਇੱਕ ਨੰਬਰ ਮਿਲਣ ਤੋਂ ਬਾਅਦ ਹੀ ਅੱਗੇ ਲਿੰਕ ਜੁੜਦੇ ਰਹੇ ਅਤੇ ਪਰਿਵਾਰ ਦੀ ਪਛਾਣ ਹੋ ਸਕੀ ਹੈ ਕਿ ਮਰਨ ਵਾਲੀ ਲੜਕੀ ਦਾ ਨਾਮ ਜੋਤੀ ਹੈ।
ਜਾਂਚ ਤੋਂ ਬਾਅਦ ਲਿੰਕ ਆਏ ਸਾਹਮਣੇ:ਇਸ ਦੇ ਨਾਲ ਹੀ ਡੀਐਸਪੀ ਦਾ ਕਹਿਣਾ ਕਿ ਲੜਕੀ ਦੇ ਪਿਤਾ ਦੇ ਬਿਆਨ ਪੁਲਿਸ ਦੀ ਕੀਤੀ ਜਾਂਚ ਦੇ ਨਾਲ ਮਿਲ ਰਹੇ ਸਨ, ਜਿਸ ਤੋਂ ਬਾਅਦ ਮ੍ਰਿਤਕਾ ਨੂੰ ਲੈਕੇ ਜਾਣ ਵਾਲੀ ਲੜਕੀ ਅਤੇ ਇੱਕ ਲੜਕੇ 'ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਹੋਰ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸੇ ਦਾ ਨਾਮ ਸਾਹਮਣੇ ਆਉਂਦਾ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਪਿਤਾ ਦੇ ਬਿਆਨਾਂ 'ਤੇ ਮੁਲਜ਼ਮ ਕਾਕਾ ਵਾਸੀ ਭਿੱਖੀਵਿੰਡ ਤਰਨਤਾਰਨ ਅਤੇ ਸਿਮਰਨ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302, 201 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਮਹਿਲਾ ਸਣੇ ਦੋ ਲੋਕਾਂ 'ਤੇ ਪਰਚਾ: ਡੀਐਸਪੀ ਨੇ ਦੱਸਿਆ ਕਿ ਲੜਕੀ ਨਸ਼ੇ ਦੀ ਆਦੀ ਸੀ ਤੇ ਉਨ੍ਹਾਂ ਵਲੋਂ ਹਰ ਪੱਖ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੇ ਫੋਨ ਬੰਦ ਕਰਕੇ ਪੰਜਾਬ ਦੇ ਕਿਸੇ ਬਾਹਰੀ ਸੂਬੇ 'ਚ ਲੁਕੇ ਹੋਏ ਹਨ, ਜਿੰਨ੍ਹਾਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਲਗਾਤਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਾਮਲੇ 'ਚ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।