ਕੇਂਦਰ ਦੇ ਬਜਟ ਤੋਂ ਪੰਜਾਬ ਦੇ ਲੋਕ ਨਹੀਂ ਸੰਤੁਸ਼ਟ (ETV BHARAT) ਅੰਮ੍ਰਿਤਸਰ:ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 3.0 ਸਰਕਾਰ ਦਾ ਬਜਟ 2024-25 ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਹੈ। ਸਰਕਾਰ ਦੇ ਇਸ ਬਜਟ ਤੋਂ ਆਮ ਲੋਕਾਂ ਨੂੰ ਬਹੁਤ ਉਮੀਦਾਂ ਵੀ ਸਨ ਪਰ ਉਥੇ ਹੀ ਪੰਜਾਬ ਦੇ ਲੋਕ ਇਸ ਕੇਂਦਰੀ ਬਜਟ ਤੋਂ ਸੰਤੁਸ਼ਟ ਨਹੀਂ ਹਨ।
ਇਸ ਸਬੰਧੀ ਅੰਮ੍ਰਿਤਸਰ ਦੇ ਲੋਕਾਂ ਦਾ ਕਹਿਣਾ ਕਿ ਸਰਕਾਰ ਦੇ ਇਸ ਬਜਟ ਤੋਂ ਮੱਧ ਵਰਗੀ ਪਰਿਵਾਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਬਹੁਤ ਉਮੀਦਾਂ ਸੀ ਪਰ ਬਜਟ ਪੇਸ਼ ਹੋਣ ਤੋਂ ਬਾਅਦ ਆਮ ਵਰਗ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵਿੱਤ ਮੰਤਰੀ ਵਲੋਂ ਦੇਸ਼ ਦੇ ਬਾਕੀ ਸੂਬਿਆਂ ਨੂੰ ਵੱਡੇ-ਵੱਡੇ ਗੱਫੇ ਦਿੱਤੇ ਗਏ ਹਨ ਤੇ ਕਈ ਪ੍ਰੋਜੈਕਟ ਦਿੱਤੇ ਗਏ ਹਨ ਪਰ ਪੰਜਾਬ ਦੇ ਹੱਥ ਇਕ ਪ੍ਰੋਜੇਕਟ ਵੀ ਨਹੀਂ ਲੱਗਾ ਹੈ।
ਆਮ ਲੋਕਾਂ ਦਾ ਕਹਿਣਾ ਕਿ ਵਿੱਤ ਮੰਤਰੀ ਵੱਲੋਂ ਇਕ ਕਰੋੜ ਦੇ ਕਰੀਬ ਕਿਸਾਨਾਂ ਨੂੰ ਔਰਗਨਿਕ ਖੇਤੀ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਪਰ ਕਿਸਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਸਾਡੀਆਂ ਮੰਗਾਂ ਸਨ, ਉਸ 'ਤੇ ਕੋਈ ਵੀ ਧਿਆਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੱਤ ਲੱਖ 75 ਹਜ਼ਾਰ ਰੁਪਏ ਦੀ ਇਨਕਮ ਟੈਕਸ ਤੋਂ ਛੂਟ ਦਿੱਤੀ ਗਈ ਹੈ ਜੋ ਚੰਗੀ ਗੱਲ ਹੈ।
ਸਮਾਜ ਸੇਵਕ ਪਵਨ ਸ਼ਰਮਾ ਦਾ ਕਹਿਣਾ ਕਿ ਸੋਨੇ-ਚਾਂਦੀ ਨੂੰ ਲੋਕਾਂ ਨੇ ਕੀ ਕਰਨਾ ਹੈ, ਸਗੋਂ ਲੋਕਾਂ ਨੂੰ ਰੋਜ਼ਾਨਾ ਜਿੰਦਗੀ 'ਚ ਕੰਮ ਆਉਣ ਵਾਲੀਆਂ ਜ਼ਰੂਰੀ ਚੀਜ਼ਾਂ 'ਤੇ ਛੋਟ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਬਾਰੇ ਸਰਕਾਰ ਨੇ ਕੁਝ ਵੀ ਨਹੀਂ ਸੋਚਿਆ। ਉਹਨਾਂ ਕਿਹਾ ਹੈ ਕਿ ਜੇਕਰ ਗੱਲ ਬਿਹਾਰ ਜਾਂ ਹੋਰ ਸੂਬਿਆਂ ਦੀ ਕੀਤੀ ਜਾਵੇ ਤਾਂ ਉੱਥੇ ਵੱਡੇ-ਵੱਡੇ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਲਗਾਏ ਜਾ ਰਹੇ ਹਨ ਪਰ ਪੰਜਾਬ ਦੇ ਹੱਥ ਖਾਲੀ ਹੀ ਰਹੇ ਹਨ।
ਉਨ੍ਹਾਂ ਦਾ ਕਹਿਣਾ ਕਿ ਪੰਜਾਬ 'ਚ ਕੋਈ ਪ੍ਰੋਜੈਕਟ ਆਉਂਦਾ ਤਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਪਰ ਇੱਥੇ ਬੇਰੁਜ਼ਗਾਰੀ ਇਨੀ ਵੱਧ ਗਈ ਹੈ ਕਿ ਲੋਕ ਨਸ਼ਿਆਂ ਦੇ ਵਿੱਚ ਵੜ ਗਏ ਹਨ। ਇਸ ਦੇ ਚੱਲਦੇ ਆਏ ਦਿਨ ਕਤਲ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ। ਇਸ ਲਈ ਇਹ ਬਜਟ ਵਿੱਚ ਕੋਈ ਖਾਸ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿੱਖਿਆ ਉੱਤੇ ਲੋਨ ਦੇ ਰਹੀ ਹੈ ਪਰ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ, ਕਿਉਂਕਿ ਪੜ੍ਹ ਕੇ ਵੀ ਇੱਥੇ ਰੁਜ਼ਗਾਰ ਨਹੀਂ ਮਿਲ ਰਿਹਾ।