ਅੰਮ੍ਰਿਤਸਰ:ਜਿੱਥੇ ਸਰਦੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਦਿਵਾਲੀ ਦੇ ਤਿਉਹਾਰ ਨੂੰ ਹੀ ਕੁਝ ਦਿਨ ਰਹਿ ਗਏ ਹਨ। ਲੋਕ ਆਪਣੇ ਘਰਾਂ ਦੀ ਸਾਫ ਸਫਾਈ ਕਰਕੇ ਗੰਦਗੀ ਨੂੰ ਬਾਹਰ ਕੱਢ ਰਹੇ ਹਨ ਤਾਂ ਜੋ ਲਕਸ਼ਮੀ ਮਾਤਾ ਦਾ ਵਾਸ ਹੋ ਸਕੇ। ਪਰ ਤੁਹਾਨੂੰ ਅੱਜ ਅਜਿਹੇ ਇਲਾਕੇ ਦੀ ਹਾਲਾਤ ਦਿਖਾਉਣ ਜਾ ਰਹੇ ਹਾਂ ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਇਲਾਕਾ ਇੰਦਰਪੁਰੀ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਲੋਕ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋਏ ਪਏ ਹਨ। ਇਸ ਇਲਾਕੇ ਵਿੱਚ ਕੋਈ ਅਜਿਹੀ ਗਲੀ ਨਹੀਂ, ਜਿੱਥੇ ਛੱਪੜ ਨਾ ਲੱਗਾ ਹੋਵੇ ਤੇ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਭਰਿਆ ਪਿਆ ਹੈ। ਇਸ ਦੇ ਨਾਲ ਹੀ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਪਏ ਹਨ।
ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ (Etv Bharat (ਪੱਤਰਕਾਰ , ਅੰਮ੍ਰਿਤਸਰ)) ਪੀਣ ਵਾਲਾ ਪਾਣੀ ਵੀ ਗੰਦਾ
ਉੱਥੇ ਹੀ ਸਰਦੀ ਦਸਤਕ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਉੱਥੇ ਹੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਕਈ ਘਰਾਂ ਦੇ ਵਿੱਚ ਲੋਕ ਬਿਮਾਰ ਪਏ ਹਨ ਤੇ ਬੁਰਾ ਹਾਲ ਹੋਇਆ ਪਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਕਈ ਦਿਨਾਂ ਤੋਂ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਇਸ ਦੇ ਬਾਰੇ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ।
ਰਿਸ਼ਤੇਦਾਰ ਵੀ ਸਾਡੇ ਘਰਾਂ ਵਿੱਚ ਨਹੀਂ ਆ ਰਹੇ
ਉੱਥੇ ਹੀ ਇਲਾਕੇ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਇਲਾਕੇ ਦੇ ਵਿੱਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ। ਇਲਾਕੇ ਵਿੱਚ ਸੀਵਰੇਜ ਸਿਸਟਮ ਦਾ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੰਦੇ ਪਾਣੀ ਦੇ ਵਿੱਚੋਂ ਬੱਚਿਆਂ ਨੂੰ ਨਿਕਲਣਾ ਪੈਂਦਾ ਹੈ, ਜਿਸ ਦੇ ਕਾਰਨ ਉਨ੍ਹਾਂ ਦੇ ਪੈਰ ਵੀ ਖਰਾਬ ਹੋ ਰਹੇ ਹਨ ਅਤੇ ਬਿਮਾਰੀਆਂ ਉਨ੍ਹਾਂ ਨੂੰ ਘੇਰ ਰਹੀਆਂ ਹਨ। ਉੱਥੇ ਨਜ਼ਦੀਕ ਹੀ ਡਾਕਟਰਾਂ ਦੇ ਕਲੀਨਿਕ ਹਨ, ਜਿਥੇ ਮਰੀਜ਼ਾਂ ਦਾ ਤਾਂਤਾ ਲੱਗਾ ਹੋਇਆ ਹੈ। ਡਾਕਟਰਾਂ ਦੀ ਪੂਰੀ ਚਾਂਦੀ ਬਣੀ ਪਈ ਹੈ, ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿਵਾਲੀ ਦਾ ਤਿਉਹਾਰ ਹੋਣ ਕਰਕੇ ਸਾਡੇ ਰਿਸ਼ਤੇਦਾਰ ਵੀ ਸਾਡੇ ਘਰਾਂ ਵਿੱਚ ਨਹੀਂ ਆ ਰਹੇ। ਇੱਥੋਂ ਤੱਕ ਕੀ ਕੋਈ ਸਾਡੇ ਬੱਚਿਆਂ ਦੇ ਨਾਲ ਰਿਸ਼ਤਾ ਵੀ ਨਹੀਂ ਕਰ ਰਿਹਾ, ਕਿਉਂਕਿ ਉਹ ਕਹਿੰਦੇ ਹਨ ਕਿ ਇਹ ਇਲਾਕਾ ਨਰਕ ਤੋਂ ਵੀ ਮਾੜਾ ਹੈ। ਜਿਸ ਦੇ ਬਾਰੇ ਅਸੀਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ ਕਿ ਆਏ ਦਿਨ ਗੰਦਾ ਪਾਣੀ ਪੀਣ ਦੇ ਨਾਲ ਸਾਡੇ ਬੱਚੇ ਬਿਮਾਰ ਹੋ ਰਹੇ ਹਨ, ਬਿਮਾਰੀਆਂ ਫੈਰ ਰਹੀਆਂ ਹਨ ਪਰ ਸਾਡੀ ਕੋਈ ਸੁਣਨ ਵਾਲਾ ਨਹੀਂ ਹੈ।
ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸਰਕਾਰ ਦਾ ਬਾਈਕਾਟ ਕਰਾਂਗੇ
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਢਾਈ ਸਾਲ ਹੋ ਚੱਲੇ ਹਨ। ਸੱਤਾ ਵਿੱਚ ਆਉਣ ਤੋਂ ਪਹਿਲੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਕੋਈ ਵੀ ਵਾਅਦਾ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਸ਼ਿਕਾਇਤ ਕਿਸ ਨੂੰ ਦੱਸੀਏ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਹੁੰਦੀਆਂ ਤਾਂ ਅਸੀਂ ਆਪਣੇ ਕੌਂਸਲਰ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਉਂਦੇ, ਜੋ ਸਾਡੀ ਸ਼ਿਕਾਇਤ ਦਾ ਹੱਲ ਵੀ ਕਰਦਾ। ਪਰ ਹੁਣ ਕੋਈ ਕੌਂਸਲਰ ਹੀ ਨਹੀਂ ਤੇ ਅਸੀਂ ਕਿਸ ਨੂੰ ਇਸ ਬਾਰੇ ਜਾਣਕਾਰੀ ਦੇਈਏ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ ਤੇ ਉਸਦਾ ਬਾਈਕਾਟ ਕਰਾਂਗੇ।