ਫੈਕਟਰੀ ਦੇ ਗੰਦੇ ਪਾਣੀ ਤੋਂ ਅੱਕੇ ਲੋਕਾਂ ਨੇ ਪ੍ਰਸ਼ਾਸਨ ਤੋਂ ਲਗਾਈ ਗੁਹਾਰ (ਹੁਸ਼ਿਆਰਪੁਰ ਪੱਤਰਕਾਰ) ਹੁਸ਼ਿਆਰਪੁਰ : ਬਰਸਾਤ ਦਾ ਮੌਸਮ ਹੋਵੇ ਜਾਂ ਫਿਰ ਫੈਕਟਰੀਆਂ ਦੇ ਗੰਦ ਦਾ ਵਾਧੁ ਪਾਣੀ, ਇਹ ਲੋਕਾਂ ਨੂੰ ਆਮ ਹੀ ਤੰਗ ਕਰਦਾ ਹੈ ਅਤੇ ਹਾਨੀਕਾਰਕ ਵੀ ਸਾਬਿਤ ਹੁੰਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਹੁਸ਼ਿਆਸਪੁਰ ਦੇ ਨਾਲ ਲੱਗਦੇ ਗੜ੍ਹਸ਼ੰਕਰ ਦੇ ਪਿੰਡ ਪੈਂਸਰਾ 'ਚ ਜਿਥੇ ਲੋਕ ਸੜਕ 'ਤੇ ਭਰੇ ਗੰਦੇ ਪਾਣੀ ਤੋਂ ਤੰਗ ਹੋ ਕੇ ਸੜਕਾਂ 'ਤੇ ਉਤਰ ਆਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੇ ਹਾਲ ਇਨੇਂ ਮਾੜੇ ਹਨ ਕਿ ਥੋੜੀ ਜਿਹੀ ਬਰਸਾਤ ਕਾਰਨ ਸੜਕ 'ਤੇ ਪਾਣੀ ਭਰ ਜਾਂਦਾ ਹੈ। ਇੱਕ ਪਾਸੇ ਬਰਸਾਤੀ ਪਾਣੀ ਤੰਗ ਕਰਦਾ ਹੈ ਤਾਂ ਦੂਜੇ ਪਾਸੇ ਪੇਪਰ ਮਿੱਲ ਦਾ ਕੈਮੀਕਲ ਵਾਲਾ ਪਾਣੀ ਵੀ ਫੈਕਟਰੀ ਮਾਲਿਕ ਇਥੇ ਹੀ ਛੱਡ ਦਿੰਦੇ ਹਨ, ਜਿਸ ਕਾਰਨ ਲੋਕ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਰਹੇ ਹਨ।
ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਤੋਂ ਪੈਂਸਰਾ ਨੂੰ ਜਾਣ ਵਾਲੇ ਲਿੰਕ ਰੋਡ਼ ਦੇ ਵਿੱਚਕਾਰ ਪੈਂਦੇ ਚੋਅ ਦੇ ਵਿੱਚ ਕੁਆਂਟੰਮ ਪੇਪਰ ਮਿਲ ਦੇ ਪ੍ਰਬੰਧਕਾਂ ਵੱਲੋਂ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਦੇ ਕਾਰਨ ਖੁਸ਼ੀ ਪੱਦੀ, ਸੈਲਾ ਕਲਾਂ, ਪੱਦੀ ਸੁਰਾ ਸਿੰਘ ਆਦਿ ਪਿੰਡਾਂ 'ਚ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ।
ਪਿੰਡ ਦੇ ਲੋਕ ਹੋ ਰਹੇ ਪ੍ਰਭਾਵਿਤ :ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸਤਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਮੱਸਿਆ ਦੇ ਸਬੰਧੀ ਕਾਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਕਪਈ ਕਾਰਵਾਈ ਨਹੀਂ ਕੀਤੀ ਗਈ। ਉਥੇ ਹੀ ਪਿੰਡ ਵਾਸੀ ਅਵਤਾਰ ਸਿੰਘ, ਮੱਖਣ ਸਿੰਘ, ਜੋਗਿੰਦਰ ਸਿੰਘ, ਪਰਵਿੰਦਰ ਸਿੰਘ,ਮਨਜੀਤ ਸਿੰਘ ਅਤੇ ਹੋਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਸਬਾ ਸੈਲਾ ਖ਼ੁਰਦ ਤੋਂ ਪੈਂਸਰਾ ਨੂੰ ਜਾਣ ਵਾਲੇ ਲਿੰਕ ਰੋਡ਼ 'ਤੇ ਕੁਆਂਟਮ ਪੇਪਰ ਮਿੱਲ ਵੱਲੋਂ ਕੈਮਕਿਲ ਵਾਲਾ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੇ ਕਾਰਨ ਨਾਲ ਲੱਗਦੇ 6 ਪਿੰਡ ਪ੍ਰਭਾਵਿਤ ਹੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੁਆਂਟੰਮ ਪੇਪਰ ਮਿਲ਼ ਵਲੋਂ ਪਹਿਲਾਂ ਹੀ ਇਸ ਕੈਮੀਕਲ ਅਤੇ ਜ਼ਹਿਰੀਲੇ ਪਾਣੀ ਦੇ ਨਾਲ ਇਲਾਕੇ ਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਜ਼ਮੀਨ ਹੇਠਲਾ ਪਾਣੀ ਖਰਾਬ ਕਰ ਦਿੱਤਾ ਹੈ। ਜੋ ਕਿ ਪੀਣ ਯੋਗ ਨਹੀਂ ਹੈ, ਇਸ ਪਾਣੀ ਦੇ ਕਾਰਨ ਉਨ੍ਹਾਂ ਦੀ ਜ਼ਮੀਨ ਵੀ ਬੰਜਰ ਹੋ ਚੁੱਕੀ ਹੈ ਅਤੇ ਹੁਣ ਇਹ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਖੁੱਲ੍ਹੇਆਮ ਵਿੱਚ ਛੱਡਿਆ ਜਾ ਰਿਹਾ ਹੈ। ਜਿਸ ਦੇ ਕਾਰਨ ਹੁਣ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਬੀਮਾਰੀਆਂ ਲੱਗਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਅਤੇ ਜਥੇਬੰਦੀਆਂ ਵਲੋਂ ਕਈ ਵਾਰ ਧਰਨੇ ਪ੍ਰਦਸ਼ਨ ਕੀਤੇ ਗਏ, ਪਰ ਫੈਕਟਰੀ ਦੇ ਪ੍ਰਬੰਧਕਾਂ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਬੰਦ ਨਹੀਂ ਕੀਤਾ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।