ਲੁਧਿਆਣਾ:ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ 'ਚ ਬਿਜਲੀ ਦੀ ਸਖ਼ਤ ਲੋੜ ਹੁੰਦੀ ਹੈ, ਪਰ ਪੰਜਾਬ 'ਚ ਲਗਾਤਾਰ ਬਿਜਲੀ ਦੇ ਕੱਟਾ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ, ਜਿਸ ਕਰਕੇ ਲੋਕਾਂ ਵਿੱਚ ਬਿਜਲੀ ਦੀ ਮੰਗ ਵਧਦੀ ਹੋਈ ਨਜ਼ਰ ਆ ਰਹੀ ਹੈ। ਪਰ ਲਗਾਤਾਰ ਬਿਜਲੀ ਦੇ ਕੱਟ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਬਿਜਲੀ ਦੀ ਜ਼ਿਆਦਾ ਮੰਗ ਵਧੀ ਹੈ।
ਕਿਉ ਕੱਟ ਹੋ ਰਹੀ ਹੈ ਬਿਜਲੀ?: ਗਰਮੀ ਕਾਰਨ ਇਸ ਸਾਲ ਵੱਡੀ ਗਿਣਤੀ ਵਿੱਚ ਏਅਰ ਕੰਡੀਸ਼ਨਰਾਂ ਦੀ ਵਿਕਰੀ ਹੋਈ ਹੈ। ਦੱਸ ਦਈਏ ਕਿ ਪੁਰਾਣੀਆਂ ਤਾਰਾਂ ਅਤੇ ਟ੍ਰਾਂਸਫਾਰਮਾਂ 'ਤੇ ਲੋਡ ਜਿਆਦਾ ਪੈਣ ਕਰਕੇ ਇਨ੍ਹਾਂ 'ਚ ਲਗਾਤਾਰ ਖਰਾਬੀ ਹੋ ਰਹੀ ਹੈ, ਜਿਸਦੇ ਨਤੀਜੇ ਵਜੋਂ ਬਿਜਲੀ ਜਾ ਰਹੀ ਹੈ। ਕਈ ਇਲਾਕਿਆਂ ਵਿੱਚ 18-18 ਘੰਟੇ ਬਿਜਲੀ ਨਹੀਂ ਆ ਰਹੀ ਹੈ। ਹੁਣ ਲੁਧਿਆਣਾ ਵਿੱਚ ਵੀ ਅਜਿਹਾ ਹੀ ਹਾਲ ਹੈ। ਲੁਧਿਆਣਾ ਦੇ ਦੁਗਰੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ 18 ਘੰਟੇ ਉਨ੍ਹਾਂ ਦੇ ਘਰ ਲਾਈਟ ਨਹੀਂ ਆ ਰਹੀ ਹੈ, ਜਿਸ ਕਰਕੇ ਕੰਮਾਂ ਕਾਰਾਂ 'ਤੇ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ।
ਬਿਜਲੀ ਦੀ ਵਧੀ ਮੰਗ: ਦੱਸ ਦਈਏ ਕਿ ਜੂਨ ਮਹੀਨੇ ਦੌਰਾਨ ਸੂਬੇ ਵਿੱਚ ਔਸਤ ਰੋਜ਼ਾਨਾ ਬਿਜਲੀ ਦੀ ਸਪਲਾਈ 3,351 ਲੱਖ ਯੂਨਿਟ ਸੀ। ਤੇਜ਼ ਗਰਮੀ ਅਤੇ ਜੂਨ ਵਿੱਚ ਮੀਂਹ ਨਾ ਪੈਣ ਕਾਰਨ PSPCL ਦੁਆਰਾ ਪੂਰੀ ਕੀਤੀ ਗਈ ਔਸਤ ਰੋਜ਼ਾਨਾ ਮੰਗ ਪਿਛਲੇ ਸਾਲ 2,352 LU ਪ੍ਰਤੀ ਦਿਨ ਦੀ ਸਪਲਾਈ ਦੇ ਮੁਕਾਬਲੇ 24 ਫੀਸਦੀ ਵੱਧ ਕੇ 2,918 LU ਪ੍ਰਤੀ ਦਿਨ ਹੋਈ ਸੀ। ਇਸ ਸਾਲ ਜੂਨ 'ਚ 8,772 ਮਿਲੀਅਨ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਗਈ ਜਦਕਿ ਪਿਛਲੇ ਸਾਲ ਜੂਨ 'ਚ ਇਹ 7,055 ਮਿਲੀਅਨ ਯੂਨਿਟ ਸੀ। ਹਾਲਾਂਕਿ, ਪੰਜਾਬ ਦੀ ਸਰਕਾਰ ਲਗਾਤਾਰ ਇਹ ਦਾਅਵੇ ਕਰਦੀ ਰਹੀ ਹੈ ਕਿ ਬਿਜਲੀ ਦੀ ਪੂਰਤੀ ਲਈ ਪੰਜਾਬ ਵਿੱਚ ਲਗਾਤਾਰ ਪਲਾਂਟ ਲਗਾਏ ਜਾ ਰਹੇ ਹਨ ਪਰ ਬਿਜਲੀ ਦੀ ਮੰਗ ਅਨੁਸਾਰ, ਪੁਰਾਣੇ ਟ੍ਰਾਂਸਫਾਰਮਰ, ਪੁਰਾਣੀਆਂ ਤਾਰਾਂ, ਪੁਰਾਣਾ ਇੰਫਰਾਸਟਰਕਚਰ ਹੋਣ ਕਰਕੇ ਲੋਡ ਵੱਧ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ।