ਪਾਣੀ ਨੂੰ ਤਰਸ ਰਹੇ ਬਿਆਸ ਦੇ ਵਸਨੀਕ (ETV Bharat Amritsar) ਅੰਮ੍ਰਿਤਸਰ:ਦਰਅਸਲ ਮਾਮਲਾ ਕਸਬਾ ਬਿਆਸ ਦੇ ਵਿੱਚ ਸਥਾਨਕ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਮਿਲ ਰਹੀ ਹੈ। ਜਿਸ ਦੇ ਸਬੰਧੀ ਸਥਾਨਕ ਲੋਕਾਂ ਵੱਲੋਂ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਬਿਆਸ ਪਾਣੀ ਵਾਲੀ ਟੈਂਕੀ ਤੋਂ ਪੀਣ ਵਾਲਾ ਪਾਣੀ ਛੱਡਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ। ਪਰ ਲੰਬੇ ਸਮੇਂ ਤੋਂ ਵਿਭਾਗ ਵੱਲੋਂ ਇਸ ਦੇ ਉੱਤੇ ਐਕਸ਼ਨ ਨਾ ਲੈਣ ਕਾਰਨ ਹੁਣ ਬਿਆਸ ਦੇ ਕਰੀਬ ਤਿੰਨ ਨੌਜਵਾਨਾਂ ਵੱਲੋਂ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਕੇ ਅੱਜ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਇਕੱਤਰ ਹੋਏ ਬਿਆਸ ਵਾਸੀ ਲੋਕਾਂ ਵੱਲੋਂ ਪ੍ਰਸ਼ਾਸਨ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਨਾਲ ਹੀ ਦੱਸਿਆ ਗਿਆ ਕਿ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਪਾਣੀ ਵਾਲੀ ਟੈਂਕੀ ਤੋਂ ਪੀਣ ਵਾਲਾ ਪਾਣੀ ਲੋਕਾਂ ਦੇ ਲਈ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਉਧਰ ਇਸ ਮਾਮਲੇ ਸੰਬੰਧੀ ਮੌਕੇ 'ਤੇ ਪੁੱਜੇ ਬੀਡੀਪੀਓ ਰਈਆ ਦੇ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਵੱਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਉਹ ਚੋਣ ਡਿਊਟੀ ਦੌਰਾਨ ਹੀ ਇੱਥੇ ਆਏ ਸਨ। ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ। ਪਰ ਕੁਝ ਇੱਕ ਟੈਕਨੀਕਲ ਸਮੱਸਿਆ ਦੇ ਕਾਰਨ ਇਹ ਦੇਰੀ ਹੋਈ ਹੈ ਅਤੇ ਉਹਨਾਂ ਵੱਲੋਂ ਪੀਣ ਵਾਲਾ ਪਾਣੀ ਇਸ ਟੈਂਕੀ ਦੇ ਉੱਤੋਂ ਚਲਾਉਣ ਦੇ ਲਈ ਵਿਭਾਗੀ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ।
ਦੱਸ ਦਈਏ ਕਿ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਦੂਸਰੀ ਤਰਫ਼ੋਂ ਪ੍ਰਸ਼ਾਸਨ ਵੱਲੋਂ ਜਲਦ ਪਾਣੀ ਛੱਡੇ ਜਾਣ ਦਾ ਭਰੋਸਾ ਦਿੰਦੇ ਹੋਏ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਤੱਕ ਇਸ ਟੈਂਕੀ ਤੋਂ ਪੀਣ ਵਾਲਾ ਪਾਣੀ ਛੱਡਿਆ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਟੈਂਕੀ ਦੇ ਉੱਤੇ ਚੜੇ ਇਹਨਾਂ ਨੌਜਵਾਨਾਂ ਦੇ ਨਾਲ ਰਾਬਤਾ ਕੀਤਾ ਜਾ ਸਕੇ ਅਤੇ ਉਹਨਾਂ ਦਾ ਕੀ ਪੱਖ ਹੈ ਤਾਂ ਜੋ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ।