ਪਠਾਨਕੋਟ : ਬੀਤੇ ਦਿਨੀਂ ਜ਼ਿਲਾ ਪਠਾਨਕੋਟ ਦੀ ਸ਼ਾਹ ਕਲੋਨੀ ਤੋਂ ਬੱਚੇ ਨੂੰ ਕਿਡਨੈਪ ਕਰਨ ਦੇ ਮਾਮਲੇ 'ਚ ਪੁਲਿਸ ਨੇ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਉਥੇ ਹੀ ਹੁਣ ਇੱਕ ਇੱਕ ਕਰਕੇ ਮਾਮਲੇ 'ਚ ਵੱਡੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ 7 ਸਾਲ ਦੇ ਮਾਸੂਮ ਨੂੰ ਅਗਵਾਹ ਕਰਨ ਦੇ ਮਾਮਲੇ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ, ਬਲਕਿ ਪੀੜਤ ਬੱਚੇ ਦੇ ਪਿਤਾ ਕੋਲ ਨੌਕਰੀ ਕਰਨ ਵਾਲੀ ਔਰਤ ਹੀ ਨਿਕਲੀ ਜਿਸ ਨੇ ਪਤੀ ਨਾਲ ਮਿਲ ਕੇ ਇਸ ਵਾਰਦਾਤ ਵਿੱਚ ਪੂਰਾ ਸਹਿਯੋਗ ਦਿੱਤਾ।
ਕਾਰੋਬਾਰੀ ਦੀ ਕਰਮਚਾਰੀ ਨਿਕਲੀ ਮਾਸਟਰਮਾਈਂਡ : ਪੁਲਿਸ ਨੇ ਦੱਸਿਆ ਕਿ ਮਾਮਲੇ 'ਚ ਕਾਬੂ ਕੀਤੇ ਦੋ ਮੁਲਜ਼ਮਾਂ ਵਿੱਚ ਇੱਕ ਮੁਲਜ਼ਮ, ਅਵਤਾਰ ਸਿੰਘ ਹੈ ਜੋ ਕਿ ਕਾਰੋਬਾਰੀ ਦੇ ਸ਼ੋਅਰੂਮ 'ਚ ਕੰਮ ਕਰਨ ਵਾਲੀ ਔਰਤ ਦਾ ਪਤੀ ਨਿਕਲਿਆ। ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਮੁਲਜ਼ਮ ਕਾਰੋਬਾਰੀ ਦੇ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਸ਼ਿਪਰਾ ਨਾਮ ਦੀ ਮਹਿਲਾ ਦਾ ਪਤੀ ਹੈ ਜੋ ਕਿ ਉਹਨਾਂ ਦੇ ਪੈਸੇ ਦਾ ਰੱਖ ਰਖਾਅ ਕਰਦੀ ਸੀ। ਨਿਤ ਦਿਨ ਪੈਸੇ ਦੀ ਆਮਦਨ ਦੇਖ ਕੇ ਇਹਨਾਂ ਦਾ ਇਮਾਨ ਡੋਲ ਗਿਆ ਅਤੇ ਇਹਨਾਂ ਨੇ ਬੱਚੇ ਨੂੰ ਅਗਵਾਹ ਕਰਨ ਦੀ ਸਾਜਿਸ਼ ਘੜੀ, ਪਰ ਕੱਚੇ ਖਿਡਾਰੀ ਹੋਣ ਕਰਕੇ ਜਲਦੀ ਹੀ ਪੁਲਿਸ ਦੇ ਹੱਥ ਆ ਗਏ। ਉਹਨਾਂ ਦੱਸਿਆ ਕਿ ਫਿਲਹਾਲ ਮੁੱਖ ਮੁਲਜ਼ਮ ਫਰਾਰ ਹੈ ਜਿਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।