ਚੰਡੀਗੜ੍ਹ:ਦਿੱਲੀ 'ਚ ਭਾਜਪਾ ਦੀ ਜਿੱਤੇ 'ਤੇ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਲਗਾਤਾਰ ਦਿੱਲੀ ਦੀ ਬੀਜੇਪੀ ਲੀਡਰਸ਼ਿਪ ਨੂੰ ਮੁਬਾਰਕਾਂ ਦਿੱਤੀ ਜਾ ਰਹੀਆਂ ਹਨ। ਪਟਿਆਲਾ ਤੋਂ ਭਾਜਪਾ ਲੀਡਰ ਪ੍ਰਨੀਤ ਕੌਰ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਪੂਰੀ ਬੀਜੇਪੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮਿਹਨਤ ਰੰਗ ਲਿਆਈ ਹੈ।
'ਆਪ' 'ਤੇ ਪ੍ਰਨੀਤ ਕੌਰ ਦੇ ਨਿਸ਼ਾਨ
ਇੱਕ ਪਾਸੇ ਤਾਂ ਬੀਜੇਪੀ ਦੇ ਲੀਡਰ ਖੁਸ਼ੀਆਂ ਮਨਾ ਰਹੇ ਨੇ ਤਾਂ ਦੂਜੇ ਪਾਸੇ ਉਨ੍ਹਾਂ ਵੱਲੋਂ 'ਆਪ' ਸਰਕਾਰ 'ਤੇ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ। ਪ੍ਰਨੀਤ ਕੌਰ ਨੇ ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਆਖਿਆ ਕਿ ਲੋਕਾਂ ਨੇ ਸੱਚ ਅਤੇ ਝੂਠ ਦਾ ਫ਼ਰਕ ਕਰ ਲਿਆ ਹੈ। ਦਿੱਲੀ ਦੇ ਲੋਕਾਂ ਨੇ ਭਾਜਪਾ ਦੇ ਕੰਮਾਂ ਨੂੰ ਵੋਟ ਪਾਈ ਹੈ। ਜਦਕਿ 'ਆਪ' ਵੱਲੋਂ ਕੀਤੇ ਝੂਠੇ ਵਾਦਿਆਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ।
"ਪੰਜਾਬ ਦੇ ਲੋਕ ਵੀ 'ਆਪ' ਦੇ ਦਾਅਵਿਆਂ 'ਤੇ ਹੁਣ ਆਉਣ ਵਾਲੇ ਸਮੇਂ 'ਚ ਯਕੀਨ ਨਹੀਂ ਕਰਨਗੇ। ਲੋਕ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਲੈ ਕੇ ਆਉਣਗੇ। ਪੰਜਾਬ ਦੇ ਪੈਸੇ ਨੂੰ ਦਿੱਲੀ 'ਚ ਵਰਤਿਆ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ।"ਪ੍ਰਨੀਤ ਕੌਰ, ਭਾਜਪਾ ਆਗੂ
ਦਿੱਲੀ ਦੇਸ਼ ਦਾ 'ਦਿਲ'
ਉਥੇ ਹੀ ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਵੀ ਦਿੱਲੀ ਜਿੱਤ 'ਤੇ ਪਾਰਟੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦਿੱਲੀ ਦੇਸ਼ ਦਾ ਦਿਲ ਹੈ ਅਤੇ ਭਾਜਪਾ ਨੇ ਉਹ ਦਿਲ ਜਿੱਤ ਲਿਆ ਹੈ। ਗਰੇਵਾਲ ਮੁਤਾਬਿਕ ਪ੍ਰਧਾਨ ਮੰਤਰੀ 'ਤੇ ਲੋਕਾਂ ਨੇ ਇੱਕ ਵਾਰ ਫਿਰ 'ਤੋਂ ਵਿਸ਼ਵਾਸ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਨੂੰ ਵਧੀਆ ਬਣਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਬੀਜੇਪੀ 'ਤੇ ਹੈ। ਇਸ ਲਈ ਭਾਜਪਾ ਨੂੰ ਦਿਨ-ਰਾਤ ਕੰਮ ਕਰਨਾ ਹੋਵੇਗਾ।