ਲੁਧਿਆਣਾ:ਅੱਜ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਲੁਧਿਆਣਾ ਵਿੱਚ ਮੌਜੂਦ ਰਹੇਗੀ। ਖਾਸ ਤੌਰ 'ਤੇ ਅੱਜ ਕੇਂਦਰੀ ਮੰਤਰੀ ਨਿਰਮਲਾ ਸੀਤਾ ਰਮਨ ਦਾ ਲੁਧਿਆਣਾ ਦੌਰਾ ਹੈ। ਇਸ ਤੋਂ ਇਲਾਵਾ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਵਿਜੇ ਸਾਂਪਲਾ ਅਤੇ ਤਰੁਣ ਚੁੱਗ ਵੀ ਲੁਧਿਆਣਾ ਦੇ ਵਿੱਚ ਮੌਜੂਦ ਰਹਿਣਗੇ, ਜਿਨ੍ਹਾਂ ਵੱਲੋਂ ਲੁਧਿਆਣਾ ਦੇ ਹੋਟਲ ਹਿਆਤ ਦੇ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ।
ਭਲਕੇ ਪੀਯੂਸ਼ ਗੋਇਲ ਪਹੁੰਚਣਗੇ ਲੁਧਿਆਣਾ: ਇਸ ਤੋਂ ਇਲਾਵਾ, ਭਲਕੇ ਯਾਨੀ ਬੁੱਧਵਾਰ ਨੂੰ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਵੀ ਲੁਧਿਆਣਾ ਦੌਰਾ ਹੈ। ਛੇਵੇਂ ਪੜਾਅ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਹੁਣ ਸਾਰਿਆਂ ਦਾ ਧਿਆਨ ਪੰਜਾਬ ਦੇ ਵੱਲ ਹੈ ਅਤੇ ਪੰਜਾਬ ਵਿੱਚ ਭਾਜਪਾ ਵੱਲੋਂ ਜੋਰਾ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਰੋਡ ਸ਼ੋਅ ਦਾ ਰੂਟ ਪਲਾਨ:ਇਸ ਤੋਂ ਇਲਾਵਾ, ਭਾਜਪਾ ਵੱਲੋਂ ਅੱਜ ਇੱਕ ਰੋਡ ਸ਼ੋਅ ਵੀ ਕੱਢਿਆ ਜਾਣਾ ਹੈ, ਜੋ ਕਿ ਲੁਧਿਆਣਾ ਦੇ ਗੈਸਪੁਰਾ ਭਾਜੀ 33 ਫੁੱਟ ਰੋਡ ਪਿੱਪਲ ਚੌਂਕ ਤੋਂ ਹੁੰਦਾ ਹੋਇਆ ਲੁਹਾਰਾ ਰੋਡ, ਡਾਬਾ ਰੋਡ, ਜੈਨ ਠੇਕੇ ਕੋਲੋਂ ਨਿਰਮਲ ਪੈਲਸ ਹੁੰਦਾ ਹੋਇਆ ਜੀਟੀ ਰੋਡ ਆ ਕੇ ਸੰਪੰਨ ਹੋਵੇਗਾ। ਇਹ ਰੋਡ ਸ਼ੋਅ ਸ਼ਾਮ ਲਗਭਗ 5 ਵਜੇ ਤੋਂ ਲੈ ਕੇ 6 30 ਵਜੇ ਤੱਕ ਕੱਢਿਆ ਜਾਵੇਗਾ। ਇਸ ਰੋਡ ਸ਼ੋਅ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਨਿਰਮਲਾ ਸੀਤਾਰਮਨ ਸ਼ਾਮਿਲ ਹੋ ਸਕਦੇ ਹਨ, ਕਿਉਂਕਿ ਚੋਣ ਪ੍ਰਚਾਰ ਨੂੰ ਹੁਣ ਥੋੜਾ ਸਮਾਂ ਹੀ ਬਾਕੀ ਰਹਿ ਗਿਆ ਹੈ। ਇਸ ਕਰਕੇ ਚੋਣ ਪ੍ਰਚਾਰ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ।
ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਜਿਤਾਉਣ ਲਈ ਭਾਜਪਾ ਵੱਲੋਂ ਲਗਾਤਾਰ ਪੂਰੀ ਵਾਹ ਲਗਾਈ ਜਾ ਰਹੀ ਹੈ। ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਲੁਧਿਆਣਾ ਵਿੱਚ ਇੱਕ ਵਿਸ਼ਾਲ ਰੈਲੀ ਵੀ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਰਵਨੀਤ ਬਿੱਟੂ ਦੇ ਹੱਕ ਵਿੱਚ ਲੋਕਾਂ ਨੂੰ ਭੁਗਤਣ ਦੀ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ, ਦੇਸ਼ ਦੇ ਰੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ 'ਤੇ ਹੋਣਗੇ। ਉਹ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਰੈਲੀ ਕੁਰਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਸ਼ਾਮ 5 ਵਜੇ ਰੱਖੀ ਗਈ ਹੈ।