ਲੁਧਿਆਣਾ: ਜ਼ਿਲ੍ਹੇ ਵਿੱਚ ਬਿਜਲੀ ਦਾ ਸਮਾਨ ਬਣਾਉਣ ਵਾਲੇ ਕਾਰੋਬਾਰੀ ਰਿਸ਼ਭ ਗੋਇਲ 21.94 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਏ ਹਨ। ਐੱਸਐੱਚਓ ਸਾਈਬਰ ਸੈੱਲ ਲੁਧਿਆਣਾ ਸਤਬੀਰ ਸਿੰਘ ਨੇ ਦੱਸਿਆ ਕਿ ਰੀਤ ਨਾਂ ਦੀ ਇੱਕ ਲੜਕੀ ਨੇ ਕਾਰੋਬਾਰੀ ਰਿਸ਼ਭ ਗੋਇਲ ਨੂੰ ਟੈਲੀਗ੍ਰਾਮ ਉੱਤੇ ਮੈਸੇਜ ਭੇਜ ਕੇ ਪੈਸੇ ਨਿਵੇਸ਼ ਕਰਨ ਦੇ ਨਾਂ ਉੱਤੇ ਠੱਗੀ ਮਾਰੀ ਹੈ।
‘ਲਾਲਚ ਦੇ ਕੇ ਫਸਾਇਆ’
ਐੱਸਐੱਚਓ ਸਾਈਬਰ ਸੈੱਲ ਨੇ ਦੱਸਿਆ ਕਿ "ਲੜਕੀ ਦੇ ਕਹਿਣ ਉੱਤੇ ਕਾਰੋਬਾਰੀ ਨੇ ਪਹਿਲਾਂ 10 ਹਜ਼ਾਰ ਰੁਪਏ ਨਿਵੇਸ਼ ਕੀਤੇ ਜਿਸ ਤੋਂ ਬਾਅਦ ਉਸ 10 ਹਜ਼ਾਰ ਰੁਪਏ ਦੇ 14 ਹਜ਼ਾਰ ਰੁਪਏ ਵਾਪਿਸ ਕੀਤੇ ਗਏ ਤੇ ਫਾਇਦਾ ਵਿਖਾ ਕੇ ਲਾਲਚ ਦਿੱਤਾ ਗਿਆ। ਲਾਲਚ ਵਿੱਚ ਆ ਕੇ ਰਿਸ਼ਭ ਤੋਂ 21.94 ਲੱਖ ਰੁਪਏ ਖਾਤੇ ਵਿੱਚ ਪਵਾ ਲਏ ਗਏ ਅਤੇ ਜਦੋਂ ਉਸ ਨੂੰ ਪੈਸੇ ਵਾਪਸ ਨਹੀਂ ਮਿਲੇ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਸਾਈਬਰ ਠੱਗੀ ਹੋ ਗਈ ਹੈ। ਜਿਸ ਤੋਂ ਬਾਅਦ ਉਸ ਨੇ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ।" ਜਾਣਕਾਰੀ ਸਾਂਝੀ ਕਰਦੇ ਹੋਏ ਸਾਈਬਰ ਸੈਲ ਦੇ ਐੱਸਐੱਚਓ ਸਤਬੀਰ ਸਿੰਘ ਨੇ ਕਿਹਾ ਕਿ ਅਸੀਂ ਖਾਤੇ ਫਰੀਜ਼ ਕਰਵਾ ਰਹੇ ਹਾਂ।
ਪੁਲਿਸ ਨੇ ਲੋਕਾਂ ਨੂੰ ਕੀਤੀ ਅਪੀਲ
ਐੱਸਐੱਚਓ ਸਤਬੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਕੱਲੇ ਲੁਧਿਆਣਾ ਵਿੱਚ ਹੀ ਪਿਛਲੇ 10 ਦਿਨਾਂ ਦੇ ਅੰਦਰ 64 ਲੱਖ ਰੁਪਏ ਦੀ ਸਾਈਬਰ ਠੱਗੀ ਦੇ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਪੁਲਿਸ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਐਪ ਜਾਂ ਫਿਰ ਪੈਸੇ ਨਿਵੇਸ਼ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰਨੀ ਬੇਹਦ ਜ਼ਰੂਰੀ ਹੈ। ਜੇਕਰ ਕਿਸੇ ਨਾਲ ਠੱਗੀ ਹੋ ਜਾਂਦੀ ਹੈ ਤਾਂ ਤੁਰੰਤ 1930 ਨੰਬਰ ਉੱਤੇ ਫੋਨ ਕਰੇ। ਜੇਕਰ ਸਮੇਂ ਸਿਰ ਫੋਨ ਕਰ ਦਿੱਤਾ ਜਾਂਦਾ ਹੈ ਤਾਂ ਖਾਤੇ ਫਰੀਜ਼ ਕਰਵਾ ਕੇ ਸਾਈਬਰ ਠੱਗੀ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਚੌਂਕਸ ਹੋਣ ਦੀ ਲੋੜ ਹੈ।