ਹੁਸ਼ਿਆਰਪੁਰ : ਹੁਸ਼ਿਆਰਪੁਰ ਮੁਕੇਰੀਆਂ ਦੇ ਵਾਰਡ ਨੰਬਰ 13 ਵਿੱਚ ਇੱਕ ਆਦਮੀ ਪਿਛਲੇ 15 ਸਾਲਾਂ ਤੋਂ ਇੱਕ ਕਮਰੇ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ। ਜਾਣਕਾਰੀ ਦਿੰਦੇ ਹੋਏ ਨੌਜਵਾਨ ਲਖਨਪਾਲ ਨੇ ਕਿਹਾ ਕਿ ਮੇਰੇ ਪਰਿਵਾਰ ਵਿੱਚ ਕੋਈ ਨਹੀਂ ਹੈ। ਮੇਰੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ ਹਨ। ਪਹਿਲਾਂ ਮੈਂ ਇਕ ਰੇਹੜੀ ਲਗਾਉਂਦਾ ਸੀ ਅਤੇ ਆਪਣਾ ਗੁਜ਼ਾਰਾ ਕਰ ਲੈਂਦਾ ਸੀ ਪਰ 15 ਸਾਲ ਪਹਿਲਾਂ ਮੈਨੂੰ ਅਧਰੰਗ ਦੀ ਬਿਮਾਰੀ ਹੋ ਗਈ, ਜਿਸ ਕਾਰਨ ਮੈਂ ਬਿਲਕੁੱਲ ਹੀ ਮੰਜੇ ਨਾਲ ਲੱਗ ਗਿਆ।
'ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ'
ਉਸ ਨੇ ਦੱਸਿਆ ਕਿ ਅਧਰੰਗ ਦੀ ਬਿਮਾਰੀ ਨਾਲ ਮੇਰੇ ਦੋਵੇਂ ਹੱਥ ਅਤੇ ਲੱਤਾਂ ਬੇਜਾਨ ਹੋ ਗਈਆਂ। ਹੁਣ ਮੈਂ 15 ਸਾਲਾਂ ਤੋਂ ਇੱਕੋ ਕਮਰੇ ਵਿੱਚ ਰਹਿ ਰਿਹਾ ਹਾਂ। ਇਸ ਹਾਲਤ ਵਿੱਤ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਕਈ ਵਾਰ ਮੇਰੇ ਗੁਆਂਢੀ ਮੈਨੂੰ ਖਾਣਾ ਦੇ ਜਾਂਦੇ ਹਨ, ਜੋ ਮੈਂ ਖਾ ਲੈਂਦਾ ਹਾਂ ਅਤੇ ਕਈ ਵਾਰ ਮੈਂ ਭੁੱਖਾ ਹੀ ਸੌਂ ਜਾਂਦਾ ਹਾਂ। ਇਸ ਤੋਂ ਅੱਗੇ ਲਖਨਪਾਲ ਨੇ ਅਪੀਲ ਕੀਤੀ ਕਿ ਮੇਰਾ ਇਲਾਜ ਕਰਵਾਇਆ ਜਾਵੇ ਤਾਂ ਕਿ ਮੈਂ ਆਪਣੇ ਪੈਰਾਂ 'ਤੇ ਖੜਾ ਹੋ ਸਕਾਂ।
'ਲਖਨਪਾਲ ਰਾਤ ਨੂੰ ਮਾਰਦਾ ਹੈ ਉੱਚੀ-ਉੱਚੀ ਚੀਕਾਂ'
ਲਖਨਪਾਲ ਦੇ ਗੁਆਂਢੀਆਂ ਦਾ ਕਹਿਣਾ ਹੈ ਲਖਨਪਾਲ ਦੀ ਹਾਲਤ ਬਹੁਤ ਖ਼ਰਾਬ ਹੈ। ਜਦੋਂ ਇਹ ਜਿਆਦਾ ਬਿਮਾਰ ਹੁੰਦਾ ਹੈ ਤਾਂ ਗੁਆਂਢੀ ਇਸ ਦੀ ਸਹਾਇਤਾ ਕਰ ਦਿੰਦੇ ਹਨ, ਜਿਵੇਂ ਕੋਈ ਦਵਾਈ ਵਗੈਰਾ ਦਵਾ ਦਿੰਦੇ ਹਨ। ਕੋਈ ਨਾ ਕੋਈ ਗੁਆਂਢੀ ਇਸ ਨੂੰ ਰੋਟੀ ਵਗੈਰਾ ਦੇ ਦਿੰਦੇ ਹਨ ਜੋ ਇਹ ਖਾ ਲੈਦਾ ਹੈ। ਇਸ ਤੋਂ ਅੱਗੇ ਉਨ੍ਹਾਂ ਨੇ ਦੱਸਿਆ ਕਿ ਕਦੇ-ਕਦੇ ਲਖਨਪਾਲ ਰਾਤ ਨੂੰ ਬਹੁਤ ਉੱਚੀ-ਉੱਚੀ ਚੀਕਾਂ ਵੀ ਮਾਰਦਾ ਹੈ। ਲਖਨਪਾਲ ਦੇ ਗੁਆਂਢੀ ਨੇ ਕਿਹਾ ਕਿ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਕੋਈ ਸੰਸਥਾ ਇਸ ਦਾ ਇਲਾਜ ਕਰਵਾ ਦੇਵੇ ਤਾਂ ਜੋ ਇਹ ਇਸ ਤਰਸਯੋਗ ਹਾਲਤ ਵਿੱਚੋਂ ਬਾਹਰ ਨਿਕਲ ਸਕੇ।