ਪਟਿਆਲਾ: ਸੋਮਵਾਰ ਨੂੰ ਪਟਿਆਲਾ ਕੋਰਟ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਦਰਾਅਸਰ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਗੁਰਪਾਲ ਸਿੰਘ ਨੇ ਮਹਿਲਾ ਜੱਜ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਮਹਿਲਾ ਜੱਜ ਆਪਣੀ ਅਦਾਲਤ ਵਿੱਚ ਇੱਕ ਕੇਸ ਦੀ ਸੁਣਵਾਈ ਕਰ ਰਹੀ ਸੀ ਤਾਂ ਅਚਾਨਕ ਗੁਰਪਾਲ ਸਿੰਘ ਅਦਾਲਤ ਦੇ ਕਮਰੇ ਵਿੱਚ ਦਾਖਲ ਹੋ ਗਿਆ ਅਤੇ ਜੱਜ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਹਿਰਾਸਤ ਵਿੱਚ ਲਿਆ ਮੁਲਜ਼ਮ
ਹਮਲਾਵਰ ਜੱਜ ਤੋਂ ਥੋੜ੍ਹੀ ਦੂਰੀ 'ਤੇ ਹੀ ਸੀ ਪਰ ਅਦਾਲਤੀ ਅਮਲੇ ਦੀ ਚੌਕਸੀ ਕਾਰਨ ਕੋਈ ਵੱਡੀ ਘਟਨਾ ਵਾਪਰਨ ਤੋਂ ਬਚ ਗਈ। ਸਟਾਫ ਨੇ ਤੁਰੰਤ ਗੁਰਪਾਲ ਸਿੰਘ ਨੂੰ ਫੜ ਲਿਆ। ਘਟਨਾ ਦੌਰਾਨ ਅਦਾਲਤੀ ਕੰਪਲੈਕਸ 'ਚ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਦੇ ਹੀ ਥਾਣਾ ਲਾਹੌਰੀ ਗੇਟ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ।
"ਗੁਰਪਾਲ ਸਿੰਘ ਨਾਂ ਦਾ ਇੱਕ ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਕੱਲ੍ਹ ਪਟਿਆਲਾ ਅਦਾਲਤ ਵਿੱਚ ਵੱਡਾ 'ਸ੍ਰੀ ਸਾਹਿਬ' (ਕਿਰਪਾਨ) ਪਾਕੇ ਕੇ ਆਇਆ ਸੀ। ਅਦਾਲਤ ਦੇ ਕੰਪਲੈਕਸ ਵਿੱਚ ਦਾਖਲ ਹੋਣ ਲੱਗੇ ਸੁਰੱਖਿਆ ਮੁਲਾਜ਼ਮ ਨੇ ਵੱਡਾ 'ਸ੍ਰੀ ਸਾਹਿਬ' ਉਤਰਵਾ ਕੇ ਆਪਣੇ ਕੋਲ ਹੀ ਰੱਖ ਲਿਆ ਸੀ ਤੇ ਫਿਰ ਕੋਰਟ ਕੰਪਲੈਕਸ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਸੀ। ਗੁਰਪਾਲ ਸਿੰਘ ਆਦਾਲਤ ਦੇ ਅੰਦਰ ਜਾ ਕੇ ਜੱਜ ਦੇ ਟੇਬਲ 'ਤੇ ਚੜ੍ਹ ਗਿਆ ਅਤੇ ਉਸਨੇ ਮਹਿਲਾ ਜੱਜ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਵਿਰੁੱਧ ਬੀਐੱਨਐੱਸ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਜਿਹਾ ਲੱਗਦਾ ਹੈ ਕਿ ਉਹ ਵਿਅਕਤੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ।" - ਸਤਨਾਮ ਸਿੰਘ, ਡੀਐੱਸਪੀ ਸਿਟੀ-1
ਇੱਕ ਸੁਰੱਖਿਆ ਮੁਲਜ਼ਮ ਮੁਅੱਤਲ
ਡੀਐਸਪੀ ਸਿਟੀ-1 ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਪਾਲ ਸਿੰਘ ਖ਼ਿਲਾਫ਼ ਧਾਰਾ 109, 132, 201 ਬੀਐਸ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਦਾਲਤ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀ ਖ਼ਿਲਾਫ਼ ਵੀ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਕੀਤਾ ਗਿਆ ਹੈ ਕਿਉਂਕਿ ਉਸ ਨੇ ਬਿਨਾਂ ਜਾਂਚ ਕੀਤੇ ਮੁਲਜ਼ਮ ਨੂੰ ਅੰਦਰ ਜਾਣ ਦਿੱਤਾ ਅਤੇ ਇਹ ਵੀ ਨਹੀਂ ਪੁੱਛਿਆ ਕਿ ਉਹ ਅਦਾਲਤ ਵਿੱਚ ਪੇਸ਼ੀ ਲਈ ਆਇਆ ਜਾਂ ਨਹੀਂ।
ਡੀਐਸਪੀ ਸਤਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਪਟਿਆਲਾ ਅਤੇ ਐੱਸਪੀ ਪਟਿਆਲਾ ਮੌਕੇ ’ਤੇ ਪੁੱਜੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅੱਜ ਡੀ.ਐਸ.ਪੀ ਸਿਟੀ ਵੀ ਅਦਾਲਤ ਦੀ ਸੁਰੱਖਿਆ ਦੀ ਮੁੜ ਜਾਂਚ ਕਰ ਰਹੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।