ਅੰਮ੍ਰਿਤਸਰ: ਪੁਲਿਸ ਅੱਜ ਗੈਂਗਸਟਰ ਗੁਰਜੀਤ ਸਿੰਘ ਲਾਡਾ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਅੰਮ੍ਰਿਤਸਰ ਲੈ ਆਈ ਜਿੱਥੇ ਗੁਰਜੀਤ ਸਿੰਘ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਗੁਰਜੀਤ ਸਿੰਘ ਨੂੰ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਅਤੇ ਅਦਾਲਤ ਵਿੱਚ ਹੋਰ ਮਾਮਲਿਆਂ ਦੀ ਸੁਣਵਾਈ ਲਈ ਅਗਲੀ ਤਰੀਕ ਤੈਅ ਕੀਤੀ ਗਈ।
ਨਾਭਾ ਜੇਲ੍ਹ ਬ੍ਰੇਕ ਕਾਂਡ
2017 ਵਿੱਚ, ਪਟਿਆਲਾ ਪੁਲਿਸ ਅਤੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ ਇੰਟੈਲੀਜੈਂਸ ਵਿੰਗ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਮੁਲਜ਼ਮ ਗੁਰਜੀਤ ਸਿੰਘ ਲਾਡਾ, ਵਾਸੀ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਉਸ ਕੋਲੋਂ ਜਾਅਲੀ ਨੰਬਰ ਪਲੇਟ ਵਾਲੀ ਇੱਕ ਪਜੈਰੋ ਕਾਰ, 44 ਕਾਰਤੂਸਾਂ ਸਮੇਤ ਇੱਕ 30 ਬੋਰ ਪਿਸਤੌਲ, ਜਾਅਲੀ ਵੋਟਰ ਕਾਰਡ, ਇੱਕ ਪੈਨ ਕਾਰਡ ਅਤੇ ਪਾਸਪੋਰਟ ਸਮੇਤ ਹੋਰ ਦਸਤਾਵੇਜ਼ ਬਰਾਮਦ ਕੀਤੇ ਸਨ। ਪੁਲਿਸ ਅਨੁਸਾਰ, ਗੁਰਜੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ, ਪੰਜਾਬ ਵਿੱਚ ਹੀ ਇਰਦਾ-ਏ-ਕਤਲ, ਦੋਹਰਾ ਅਤੇ ਤੀਹਰਾ ਕਤਲ, ਵਾਹਨਾਂ ਦੀ ਲੁੱਟ ਅਤੇ ਫਿਰੌਤੀ ਲਈ ਅਗਵਾ ਵਰਗੇ ਕਈ ਗੰਭੀਰ ਅਪਰਾਧਾਂ ਦਾ ਪਤਾ ਲਗਾਇਆ ਗਿਆ ਸੀ।
ਇੱਕ ਮਾਮਲੇ ਵਿੱਚ ਸਜ਼ਾ
ਗੁਰਜੀਤ ਸਿੰਘ ਲਾਡਾ ਨੂੰ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਅਤੇ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਅਦਾਲਤ ਨੇ ਅੱਜ ਗੁਰਜੀਤ ਸਿੰਘ ਲਾਡਾ ਨੂੰ ਇੱਕ ਮਾਮਲੇ ਵਿੱਚ ਸਜ਼ਾ ਸੁਣਾ ਦਿੱਤੀ ਹੈ ਅਤੇ ਬਾਕੀ ਮਾਮਲਿਆਂ ਲਈ ਤਰੀਕਾਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ।
ਇੱਥੇ ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਲਾਡਾ ਨੇ 2016 ਦੇ ਵਿੱਚ ਨਾਭਾ ਜੇਲ੍ਹ ਬ੍ਰੇਕ ਕਾਂਡ ਦੌਰਾਨ ਚਰਚਾ 'ਚ ਆਇਆ ਸੀ ਅਤੇ ਉਸ ਦੌਰਾਨ ਜੇਲ੍ਹ ਵਿੱਚ ਗੋਲੀਆਂ ਚਲਾ ਕੇ ਗੈਂਗਸਟਰਾਂ ਨੂੰ ਭਜਾਉਣ ਦੇ ਮਾਮਲੇ ਵਿੱਚ ਗੁਰਜੀਤ ਸਿੰਘ ਲਾਡਾ ਨੂੰ ਪੁਲਿਸ ਨੇ ਕਾਬੂ ਕੀਤਾ ਸੀ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਪਰਾਧਿਕ ਮਾਮਲੇ ਗੁਰਜੀਤ ਸਿੰਘ ਲਾਡਾ ਦੇ ਉੱਪਰ ਦਰਜ ਹਨ।