ਮਾਨਸਾ: 15 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਵਿੱਚ ਪੰਜਾਬ ਨਾਲ ਸਬੰਧਿਤ ਕਿਸਾਨੀ ਮੰਗਾਂ ਨੂੰ ਲੈ ਕੇ ਅਹਿਮ ਚਰਚਾ ਹੋਵੇਗੀ। 5 ਮਾਰਚ ਨੂੰ ਦੇਸ਼ ਭਰ ਵਿੱਚ ਮੁੱਖ ਮੰਤਰੀਆਂ ਦੇ ਘਰਾਂ ਦੇ ਬਾਹਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਐਸਡੀਐਮ ਦਫ਼ਤਰ ਦੇ ਬਾਹਰ ਧਰਨੇ ਉੱਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕੀਤਾ।
ਕਿਸਾਨ ਦੀ ਜ਼ਮੀਨ ਲਈ, ਪਰ ਪੈਸੇ ਨਾ ਦੇਣ ਦੇ ਇਲਜ਼ਾਮ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਵਿਖੇ ਐਸਡੀਐਮ ਦਫ਼ਤਰ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਦੇ ਧਰਨੇ ਵਿੱਚ ਪਹੁੰਚੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ, 'ਕੁਝ ਸਮਾਂ ਪਹਿਲਾਂ ਪਿੰਡ ਠੂਠਿਆਂਵਾਲੀ ਵਿਖੇ ਬਿਜਲੀ ਗਰਿੱਡ ਦਾ ਦਾਇਰਾ ਵਧਾਉਣ ਲਈ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਕਿਸਾਨ ਚਮਕੌਰ ਸਿੰਘ ਦੀਆਂ ਦੀ ਤਿੰਨ ਕਨਾਲ ਜਮੀਨ 12 ਲੱਖ ਰੁਪਏ ਵਿੱਚ ਐਕਵਾਇਰ ਕੀਤੀ ਗਈ ਸੀ। ਬਿਜਲੀ ਵਿਭਾਗ ਵੱਲੋਂ ਉਸ ਦੀ ਰਜਿਸਟਰੀ ਵੀ ਕਰਵਾ ਲਈ ਗਈ ਹੈ, ਪਰ ਹੁਣ ਤੱਕ ਕਿਸਾਨ ਨੂੰ ਉਸ ਦੀ ਬਣਦੀ ਪੇਮੈਂਟ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ 19 ਮਹੀਨਿਆਂ ਬਾਅਦ ਵੀ ਕਿਸਾਨ ਨੂੰ ਪੈਸੇ ਨਹੀਂ ਮਿਲੇ।'
ਅਸੀਂ ਐਸਡੀਐਮ ਦਫ਼ਤਰ ਬਾਹਰ ਧਰਨਾ ਦਿੱਤਾ ਹੈ, ਕਿਉਕਿ ਕਿਸਾਨ ਚਮਕੌਰ ਸਿੰਘ, ਪਿੰਡ ਠੂਠਿਆਂਵਾਲੀ ਦੀ ਜ਼ਮੀਨ ਬਿਜਲੀ ਵਿਭਾਗ ਨੇ ਬਿਜਲੀ ਗਰਿੱਡ ਦਾ ਦਾਇਰਾ ਵਧਾਉਣ ਜ਼ਮੀਨ ਐਕੁਵਾਇਰ ਕੀਤੀ ਸੀ ਅਤੇ ਪੈਸੇ ਦੇਣ ਦੀ ਗੱਲ ਹੋਈ ਸੀ, ਜੋ 19 ਮਹੀਨੇ ਬੀਤਣ ਦੇ ਬਾਅਦ ਵੀ ਕਿਸਾਨ ਨੂੰ ਨਹੀਂ ਮਿਲੇ। ਤਿੰਨ ਕਨਾਲਾਂ ਜਮੀਨ 12 ਲੱਖ ਰੁਪਏ ਵਿੱਚ ਖਰੀਦੀ ਗਈ ਸੀ। ਬਿਜਲੀ ਵਿਭਾਗ ਵਲੋਂ ਜ਼ਮੀਨ ਦੀ ਰਜਿਸਟਰੀ ਅਤੇ ਇੰਤਕਾਲ ਵੀ ਹੋ ਚੁੱਕੀ ਹੈ, ਪਰ ਕਿਸਾਨ ਨੂੰ ਅਜੇ ਤੱਕ ਸਰਕਾਰ ਤੇ ਬਿਜਲੀ ਵਿਭਾਗ ਵਲੋਂ ਪੈਸੇ ਨਹੀਂ ਦਿੱਤੇ ਗਏ।
ਮਹਿੰਦਰ ਸਿੰਘ, BKU, ਡਕੌਂਦਾ
ਐਸਡੀਐਮ ਮਾਨਸਾ ਨੂੰ ਕਈ ਵਾਰ ਸੌਂਪਿਆ ਪੱਤਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਐਸਡੀਐਮ ਮਾਨਸਾ ਨੂੰ ਕਿਸਾਨਾਂ ਵੱਲੋਂ ਕਈ ਵਾਰ ਮੰਗ ਪੱਤਰ ਦਿੱਤਾ ਗਿਆ ਹੈ, ਪਰ ਹੁਣ ਤੱਕ ਕਿਸਾਨ ਦੀ ਪੈਮੇਂਟ ਨਹੀਂ ਕੀਤੀ ਗਈ। ਅੱਜ ਦੁਪਹਿਰ ਤੱਕ ਵਿਧਾਇਕ ਦੇ ਘਰ ਦੇ ਬਾਹਰ ਵੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮਾਰਚ ਨੂੰ ਦੇਸ਼ ਭਰ ਵਿੱਚ ਮੁੱਖ ਮੰਤਰੀਆਂ ਦੇ ਘਰਾਂ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ ਅਤੇ 15 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਵੇਗੀ ਅਤੇ ਪੰਜਾਬ ਸਰਕਾਰ ਦੇ ਨਾਲ ਸਬੰਧਿਤ ਕਿਸਾਨੀ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।