ਚੰਡੀਗੜ੍ਹ: ਅੰਮ੍ਰਿਤਸਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨਵੇਂ ਸਿਰੇ ਤੋਂ ਸੁਣਵਾਈ ਕਰੇਗਾ। ਅਦਾਲਤ ਨੇ ਆਪਣੇ ਪਹਿਲਾਂ ਦੇ ਹੁਕਮ ਨੂੰ ਵਾਪਸ ਲੈਂਦਿਆਂ ਇਸ ਪਟੀਸ਼ਨ ਉੱਤੇ ਦੁਬਾਰਾ ਸੁਣਵਾਈ ਦਾ ਫ਼ੈਸਲਾ ਕੀਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਦਾਇਰ ਪਟੀਸ਼ਨ 'ਤੇ ਮੁੜ ਸੁਣਵਾਈ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਗ਼ੈਰ-ਸੰਭਾਲਯੋਗ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਸੀ ਅਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਸਮੇਤ ਹੋਰਨਾਂ ਧਿਰਾਂ ਨੂੰ ਵੀ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਕਾਂਗਰਸੀ ਕੌਂਸਲਰ ਵੱਲੋਂ ਪਟੀਸ਼ਨ, ਧਾਂਦਲੀ ਦੇ ਇਲਜ਼ਾਮ
ਇਹ ਪਟੀਸ਼ਨ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਵੱਲੋਂ ਦਾਇਰ ਕੀਤੀ ਗਈ ਸੀ, ਜਿਸ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਨਿਗਮ ਚੋਣਾਂ ਵਿੱਚ ਧਾਂਦਲੀ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੇਅਰ ਵਜੋਂ ਚੁਣਿਆ ਗਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਆਪਣੀ ਪਾਰਟੀ ਦੇ ਕੌਂਸਲਰਾਂ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਐਲਾਨ ਦਿੱਤਾ। ਹਲਾਂਕਿ ਉਸ ਦਿਨ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ।
ਮੁੜ ਸ਼ੁਰੂ ਹੋਵੇਗੀ ਪਟੀਸ਼ਨ 'ਤੇ ਸੁਣਵਾਈ
ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਨਗਰ ਨਿਗਮ ਵਿੱਚ ਕਾਂਗਰਸ ਪਾਰਟੀ ਕੋਲ ਬਹੁਮਤ ਹੈ, ਜਿਸ ਕਰਕੇ ਮੇਅਰ ਦੇ ਅਹੁਦੇ ਲਈ ਚੋਣਾਂ ਦੁਬਾਰਾ ਕਰਵਾਈਆਂ ਜਾਣ। ਇਸ ਪਟੀਸ਼ਨ ਦੀ ਸੁਣਵਾਈ ਹਾਈ ਕੋਰਟ ਦੇ ਦੋਹਰੇ ਬੈਂਚ ਦੇ ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਸੁਖਵਿੰਦਰ ਕੌਰ ਨੇ 29 ਜਨਵਰੀ ਨੂੰ ਕੀਤੀ ਸੀ। ਡਬਲ ਬੈਂਚ ਦੇ ਜੱਜਾਂ ਵੱਲੋਂ ਸੁਣਵਾਈ ਤੋਂ ਬਾਅਦ ਨਾ ਤਾਂ ਮੋਸ਼ਨ ਦਾ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਕੋਈ ਅਗਲੀ ਤਰੀਕ ਦਿੱਤੀ ਗਈ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਆਉਣ ਵਾਲੇ ਦਿਨਾਂ ਵਿੱਚ ਮੁੜ ਸ਼ੁਰੂ ਹੋਵੇਗੀ। ਅੰਮ੍ਰਿਤਸਰ ਵਿੱਚ 27 ਜਨਵਰੀ ਨੂੰ ਨਗਰ ਨਿਗਮ ਦੇ ਅਹੁਦੇਦਾਰਾਂ ਦੀ ਚੋਣ ਹੋਈ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਮੇਅਰ ਚੁਣਿਆ ਗਿਆ ਸੀ। ਇਸੇ ਤਰ੍ਹਾਂ ਆਪ ਦੀ ਹੀ ਕੌਂਸਲਰ ਪ੍ਰਿਯੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਅਜ਼ਾਦ ਕੌਂਸਲਰ ਵੱਲੋਂ ਆਪ ਪਾਰਟੀ ਵਿੱਚ ਸ਼ਾਮਿਲ ਹੋਣ ਮਗਰੋਂ, ਉਸ ਨੂੰ ਡਿਪਟੀ ਮੇਅਰ ਬਣਾਇਆ ਗਿਆ ਸੀ।
ਪਟੀਸ਼ਨ ਵਿੱਚ ਕਾਂਗਰਸ ਕੋਲ ਬਹੁਮਤ ਦਾ ਦਾਅਵਾ
ਨਗਰ ਨਿਗਮ ਅੰਮ੍ਰਿਤਸਰ ਦੀਆਂ ਚੋਣਾਂ 21 ਦਸੰਬਰ, 2024 ਨੂੰ ਹੋਈਆਂ ਸਨ ਅਤੇ ਉਸੇ ਦਿਨ ਨਤੀਜੇ ਐਲਾਨੇ ਗਏ ਸਨ। ਜ਼ਿਲ੍ਹਾ ਚੋਣ ਅਫ਼ਸਰ ਨੇ 27 ਦਸੰਬਰ ਨੂੰ ਲਿਖਤੀ ਨਤੀਜਿਆਂ ਦਾ ਗਜ਼ਟ ਜਾਰੀ ਕੀਤਾ ਸੀ। ਜਿਸ ਅਨੁਸਾਰ ਕਾਂਗਰਸ ਪਾਰਟੀ ਦੇ 40, ਆਮ ਆਦਮੀ ਪਾਰਟੀ ਦੇ 24, ਭਾਜਪਾ ਦੇ 9 ਅਤੇ ਸ਼੍ਰੋਮਣੀ ਅਕਾਲੀ ਦਲ ਦੇ 4 ਕੌਂਸਲਰ ਜਿੱਤੇ ਸਨ। ਇਸ ਨਾਲ 8 ਆਜ਼ਾਦ ਕੌਂਸਲਰਾਂ ਨੇ ਜਿੱਤ ਦਰਜ ਕੀਤੀ ਸੀ। ਜਦੋਂ ਕਿਸੇ ਕੋਲ ਬਹੁਮਤ ਨਹੀਂ ਸੀ ਤਾਂ ਹੇਰਾ-ਫੇਰੀ ਦੀ ਰਾਜਨੀਤੀ ਸ਼ੁਰੂ ਹੋ ਗਈ। 7 ਆਜ਼ਾਦ ਅਤੇ 2 ਭਾਜਪਾ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇੱਕ ਆਜ਼ਾਦ ਕੌਂਸਲਰ ਕਾਂਗਰਸ ਦੇ ਹੱਕ ਵਿੱਚ ਗਿਆ। ਇਸ ਤੋਂ ਬਾਅਦ 27 ਜਨਵਰੀ ਨੂੰ ਮੇਅਰ ਦੀਆਂ ਚੋਣਾਂ ਹੋਈਆਂ, ਜਿਸ ਵਿੱਚ ਆਮ ਆਦਮੀ ਪਾਰਟੀ ਨੇ ਬਹੁਮਤ ਦਾ ਦਾਅਵਾ ਕਰਦਿਆਂ ਆਪਣੇ ਕੌਂਸਲਰ ਜਤਿੰਦਰ ਮੋਤੀ ਭਾਟੀਆ ਨੂੰ ਅੰਮ੍ਰਿਤਸਰ ਦਾ ਮੇਅਰ ਬਣਾਇਆ ਸੀ।