ਸੀਐਮ ਮਾਨ ਦੇ ਪੁੱਛਣ 'ਤੇ ਵੀ ਗਰੀਬਾਂ ਦੇ ਹੱਕ ਲਈ ਨਹੀਂ ਬੋਲ ਪਾਏ ਜੈ ਕ੍ਰਿਸ਼ਨ ਰੋੜੀ, ਉਲਟਾ ਕਰਦੇ ਨੇ ਚਾਪਲੂਸੀ: ਨਿਮਿਸ਼ਾ ਮਹਿਤਾ ਹੁਸ਼ਿਆਰਪੁਰ: ਬੀਤੇ ਦਿਨੀਂ ਗੁਰੂ ਰਵਿਦਾਸ ਯਾਦਗਾਰੀ ਅਸਥਾਨ ਬੀਤ ਦੇ ਪਿੰਡ ਖੁਰਾਲਗੜ੍ਹ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਿਨੀ ਬੱਸ ਅੱਜ ਨੀਮ ਪਹਾੜੀ ਪਿੰਡ ਗੜ੍ਹੀ ਮਾਨਸੋਵਾਲ ਦੀ ਖੱਡ ਵਿੱਚ ਪਲਟ ਗਈ ਸੀ। ਜਿਸ ਬਾਰੇ ਬੋਲਦਿਆਂ ਹਲਕਾ ਗੜ੍ਹਸ਼ੰਕਰ ਤੋਂ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਜੇਕਰ ਪਿਛਲੇ ਸਾਲ ਸ਼ਰਧਾਲੂਆਂ ਦੀਆਂ ਇਸ ਰਸਤੇ 'ਚ ਹਾਦਸਿਆਂ ਕਾਰਨ ਹੋਈਆਂ ਮੌਤਾਂ ਤੋਂ ਸਿੱਖਿਆ ਲੈ ਕੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੜਕਾਂ ਚੋੜੀਆਂ ਕਰਵਾਈਆਂ ਹੁੰਦੀਆਂ ਤਾਂ ਇਸ ਸੜਕ ਹਾਦਸੇ ਤੋਂ ਸ਼ਾਇਦ ਸੰਗਤ ਬੱਚ ਸਕਦੀ ਸੀ।
'ਪੰਜਾਬ ਸਰਕਾਰ ਨੇ ਤੰਗ ਅਤੇ ਖ਼ਤਰਨਾਕ ਰਸਤਿਆਂ ਦੀ ਬੇਹਤਰੀ ਲਈ ਕੋਈ ਉਪਰਾਲਾ ਨਹੀਂ ਕੀਤਾ':ਇਸੇ ਦੌਰਾਨ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਰਵਿਦਾਸ ਤੀਰਥ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲਾ ਰਸਤਾ ਬੇਹੱਦ ਤੰਗ ਅਤੇ ਖ਼ਤਰਨਾਕ ਹੈ ਅਤੇ ਹਰ ਸਾਲ ਇੱਥੇ ਭਿਆਨਕ ਸੜਕ ਹਾਦਸੇ ਵਾਪਰਦੇ ਹਨ। ਬੀਤੇ ਸਾਲ ਸੜਕ ਹਾਸਦਿਆਂ 'ਚ ਦਰਜਨ ਤੋਂ ਵਧੇਰੇ ਬੰਦਿਆਂ ਦੀ ਮੌਤ ਹੋ ਗਈ। ਜਿਸ ਵਜ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਲੱਖ-ਲੱਖ ਰੁਪਏ ਮੁਆਵਜ਼ਾ ਵੀ ਜਾਰੀ ਕੀਤਾ ਸੀ ਪਰ ਮੁਆਵਜ਼ਾ ਜਾਰੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੰਗ ਅਤੇ ਖ਼ਤਰਨਾਕ ਰਸਤਿਆਂ ਦੀ ਬੇਹਤਰੀ ਲਈ ਕੋਈ ਉਪਰਾਲਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੁਆਬੇ ਦੇ ਰਵਿਦਾਸੀਆਂ ਵੋਟ ਬੈਂਕ ਨੂੰ ਦੇਖਦਿਆਂ ਮੌਜੂਦਾ ਸਰਕਾਰ ਨੇ ਸ੍ਰੀ ਖੁਰਾਲਗੜ੍ਹ ਸਾਹਿਬ 'ਚ ਰਵਿਦਾਸ ਜਯੰਤੀ ਦਾ ਸਰਕਾਰੀ ਸਮਾਗਮ ਤਾਂ ਕੀਤਾ। ਜਿਸ ਤਹਿਤ ਉਨ੍ਹਾਂ ਪੁਰਾਣੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਗੁਰੂ ਰਵਿਦਾਸ ਮੈਮੋਰੀਅਲ ਨੂੰ ਲੋਕਾਂ ਦੇ ਸਪੁਰਦ ਕੀਤਾ ਪਰ ਉੱਥੇ ਜਾਣ ਵਾਲੀਆਂ ਖ਼ਸਤਾ ਹਾਲਤ ਸੜਕਾਂ ਬਾਰੇ ਕੋਈ ਐਲਾਨ ਤੱਕ ਕਰਨਾ ਜ਼ਰੂਰੀ ਨਹੀਂ ਸਮਝਿਆ।
'ਮੁੱਖ ਮੰਤਰੀ ਭਗਵੰਤ ਮਾਨ ਦੀ ਚਾਪਲੂਸੀ ਕਰਦੇ ਨੇ ਜੈ ਕ੍ਰਿਸ਼ਨ ਰੋੜੀ':ਨਿਮਿਸ਼ਾ ਮਹਿਤਾ ਨੇ ਕਿਹਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਚੌਧਰੀ ਜੈ ਕ੍ਰਿਸ਼ਨ ਰੋੜੀ ਦਾ ਇਹ ਫਰਜ਼ ਸੀ ਕਿ ਉਹ ਆਪਣੇ ਇਲਾਕੇ ਦੀ ਸਾਲਾਂ ਤੋਂ ਲਟਕਦੀ ਪੁਰਾਣੀ ਮੰਗ ਨੂੰ ਮੁੱਖ ਮੰਤਰੀ ਕੋਲ ਰੱਖਦੇ, ਪੁਰ ਮੁੱਖ ਮੰਤਰੀ ਦੇ ਪੁੱਛਣ ਦੇ ਬਾਵਜੂਦ ਰੋੜੀ ਗਰੀਬ ਇਲਾਕੇ ਲਈ ਇਕ ਵੀ ਮੰਗ ਮੁੱਖ ਮੰਤਰੀ ਕੋਲ ਨਹੀਂ ਰੱਖ ਸਕੇ ਅਤੇ ਉਲਟਾ ਮੁੱਖ ਮੰਤਰੀ ਦੀ ਚਾਪਲੂਸੀ ਕਰਦੇ ਰਹੇ, ਜਿਸ ਦਾ ਸਬੂਤ ਮੁੱਖ ਮੰਤਰੀ ਪੰਜਾਬ ਦੀ ਫੇਸ ਬੁੱਕ 'ਤੇ ਜਣਾ-ਖਣਾ ਦੇਖ ਚੁੱਕਾ ਹੈ।
'ਜਵਾਬ ਦੇਣ ਚੌਧਰੀ ਰੋੜੀ ਕਿ ਸੜਕਾਂ ਦੀ ਮੰਗ ਸੀਐਮ ਮਾਨ ਕੋਲ ਕਿਉਂ ਨਹੀਂ ਰੱਖੀ':ਇਸੇ ਦੌਰਾਨ ਉਨ੍ਹਾਂ ਕਿਹਾ ਕਿ 'ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦਾ ਪੁਰਾਣੀਆਂ ਸਰਕਾਰਾਂ ਵੱਲੋਂ ਬਣਾਏ ਵਰਲਡ ਕਲਾਸ ਮੈਮੋਰੀਅਲ ਦਾ ਉਦਘਾਟਨ ਕੀਤਾ ਹੈ ਤੇ ਫਿਰ ਇਸ ਨੂੰ ਜਾਣ ਵਾਲੀਆਂ ਸੜਕਾਂ ਥਰਡ ਕਲਾਸ ਕਿਉਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਚੌਧਰੀ ਰੋੜੀ ਲੋਕਾਂ ਨੂੰ ਜਵਾਬ ਦੇਣ ਕਿ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੀ ਮੰਗ ਮੁੱਖ ਮੰਤਰੀ ਪੰਜਾਬ ਕੋਲ ਨਹੀਂ ਰੱਖੀ।
ਨਿਮਿਸ਼ਾ ਮਹਿਤਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਰਵਿਦਾਸ ਤਪ ਅਸਥਾਨ ਨੂੰ ਜਾਣ ਵਾਲੀਆਂ ਸੜਕਾਂ ਚੋ ਮਾਰਗੀ ਬਣਾ ਕੇ ਦਵੇ ਤਾਂ ਜੋ ਗੁਰੂ ਘਰ ਜਾਣ ਵਾਲੇ ਸ਼ਰਧਾਲੂਆਂ ਨੂੰ ਹਾਦਸਿਆਂ ਤੋਂ ਬਚਾਇਆ ਜਾ ਸਕੇ।
ਬੀਤੇ ਦਿਨ੍ਹੀਂ ਵਾਪਰਿਆ ਸੀ ਹਾਦਸਾ:ਦੱਸ ਦੇਈਏ ਕਿ ਬੀਤੇ ਦਿਨ੍ਹੀਂ ਗੁਰੂ ਰਵਿਦਾਸ ਯਾਦਗਾਰੀ ਅਸਥਾਨ ਬੀਤ ਦੇ ਪਿੰਡ ਖੁਰਾਲਗੜ੍ਹ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਿਨੀ ਬੱਸ ਅੱਜ ਨੀਮ ਪਹਾੜੀ ਪਿੰਡ ਗੜ੍ਹੀ ਮਾਨਸੋਵਾਲ ਦੀ ਖੱਡ ਵਿੱਚ ਪਲਟ ਗਈ ਸੀ। ਜਿਸ ਦੌਰਾਨ ਬੱਸ ਵਿੱਚ ਸਵਾਰ 15 ਸ਼ਰਧਾਲੂ ਜ਼ਖ਼ਮੀ ਹੋ ਗਏ ਸਨ।