ਖੰਨਾ: ਬੀਤੀ ਰਾਤ ਕਰੀਬ 9 ਵਜੇ ਪਿੰਡ ਬਰਧਾਲਾ ਵਿਖੇ ਸ਼ਰਾਬ ਦੇ ਠੇਕੇ 'ਤੇ ਬੈਠੇ ਅੰਮ੍ਰਿਤਧਾਰੀ ਵਿਅਕਤੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ ਨੂੰ ਕੁਝ ਨਿਹੰਗਾਂ ਨੇ ਕਾਬੂ ਕਰ ਲਿਆ ਤਾਂ ਉਥੇ ਹੰਗਾਮਾ ਹੋ ਗਿਆ। ਨਿਹੰਗਾਂ ਵੱਲੋਂ ਕਾਬੂ ਕਿਤੇ ਗਏ ਵਿਅਕਤੀ ਦੀ ਵੀਡਿਓ ਬਣਾਈ ਗਈ ਅਤੇ ਉਸ ਨੂੰ ਬਰਧਾਲਾ ਚੌਂਕੀ ਪੁਲਿਸ ਕੋਲ ਲਿਜਾਇਆ ਗਿਆ। ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਅਤੇ ਨਿਹੰਗ ਸਿੰਘਾਂ ਵੱਲੋਂ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਉਸ ਦਾ ਮੁਲਾਹਜਾ ਕਰਵਾਇਆ ਗਿਆ। ਜਿੱਥੇ ਡਾਕਟਰ ਵੱਲੋਂ ਵਿਅਕਤੀ ਦੇ ਮੂੰਹੋ ਸ਼ਰਾਬ ਦੀ ਬਦਬੋ ਆਉਣ ਦੀ ਪੁਸ਼ਟੀ ਕੀਤੀ ਗਈ। ਇੰਨਾ ਹੀ ਨਹੀਂ ਕਾਬੂ ਕੀਤੇ ਗਏ ਅੰਮ੍ਰਿਤਧਾਰੀ ਵਿਅਕਤੀ ਨੂੰ ਨਿਹੰਗਾਂ ਵੱਲੋਂ ਹਸਪਤਾਲ ਦੇ ਬਾਹਰ ਹੀ ਸ੍ਰੀ ਸਾਹਿਬ ਅਤੇ ਬਾਕੀ ਕਕਰਾਰਾਂ ਨੂੰ ਉਤਾਰਿਆ ਗਿਆ ਅਤੇ ਬਾਅਦ ਦੇ ਵਿੱਚ ਕਾਬੂ ਕੀਤੇ ਗਏ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਪਹਿਲਾਂ ਹੀ ਨਿਹੰਗ ਸਿੰਘਾਂ ਵਲੋਂ ਚਿਤਾਵਨੀ:ਇਸ ਸਬੰਧੀ ਨਿਹੰਗ ਸਿੰਘ ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਮਰਾਲਾ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਹਲਕਾ ਸਮਰਾਲਾ ਦੀਆਂ ਨਿਹੰਗ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਹੋਈ ਸੀ। ਜਿਸ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਕੋਈ ਅੰਮ੍ਰਿਤਧਾਰੀ ਵਿਅਕਤੀ ਜਾਂ ਨਿਹੰਗਾਂ ਦਾ ਨੀਲਾ ਬਾਣਾ ਪਾਉਣ ਵਾਲਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਜਾਂ ਨਸ਼ਾ ਵੇਚਦਾ, ਗੁੰਡਾਗਰਦੀ ਜਾਂ ਕੋਈ ਵੀ ਅਪਰਾਧ ਕਰਦਾ ਪਾਇਆ ਜਾਂਦਾ ਹੈ ਤਾਂ ਅਸੀਂ ਉਸ 'ਤੇ ਨਿਹੰਗ ਸਿੰਘਾਂ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ। ਜੋ ਅਸੀਂ ਅੱਜ ਕੀਤਾ ਹੈ।