ਪੰਜਾਬ 'ਚ ਐਨਆਈਏ ਦੀ ਰੇਡ (ETV BHARAT) ਚੰਡੀਗੜ੍ਹ: ਪੰਜਾਬ 'ਚ NIA ਨੇ ਇੱਕ ਵਾਰ ਫਿਰ ਤੋਂ ਦਸਤਕ ਦਿੱਤੀ ਹੈ, ਜਿਸ ਦੇ ਚੱਲਦੇ ਅੰਮ੍ਰਿਤਸਰ ਅਤੇ ਮੋਗਾ ਦੇ ਇਲਾਕਿਆਂ 'ਚ ਐਨਆਈਏ ਵਲੋਂ ਰੇਡ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਤੜਕਸਾਰ ਇਹ ਰੇਡ 5 ਤੋਂ 6 ਵਜੇ ਦੇ ਦਰਮਿਆਨ ਕੀਤੀ ਗਈ ਹੈ। ਇਸ ਦੇ ਚੱਲਦੇ ਐਨਆਈਏ ਨੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ 'ਤੇ ਇਹ ਰੇਡ ਕੀਤੀ ਹੈ।
ਪੰਜਾਬ 'ਚ NIA ਦੀ ਰੇਡ
ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਹੈ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਜੀਜਾ, ਜੋ ਕਿ ਪਿੰਡ ਬੂਤਾਲਾ ਜੋ ਕਿ ਸਠਿਆਲਾ ਵਿੱਚ ਹੈ। ਉਹਨਾਂ ਦੇ ਘਰ ਵੀ NIA ਵਲੋਂ ਰੇਡ ਕੀਤੀ ਗਈ। ਇਸ ਤੋਂ ਇਲਾਵਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਜੀਜੇ ਦੇ ਰਿਸ਼ਤੇਦਾਰਾਂ ਦੇ ਘਰ ਪਿੰਡ ਮਹਿਤਾ 'ਚ ਵੀ ਐਨਆਈਏ ਦੀ ਟੀਮ ਪੁੱਜੀ ਹੈ। ਸਾਂਸਦ ਅੰਮ੍ਰਿਤਪਾਲ ਸਿੰਘ ਦੇ ਬਾਬਾ ਬਕਾਲਾ 'ਚ ਲੱਗਭਗ ਸਾਰੇ ਰਿਸ਼ਤੇਦਾਰਾਂ ਦੇ ਘਰ ਐਨਆਈਏ ਵੱਲੋਂ ਰੇਡ ਮਾਰੀ ਗਈ ਦੱਸੀ ਜਾ ਰਹੀ ਹੈ।
ਪੰਜਾਬ 'ਚ ਐਨਆਈਏ ਦੀ ਰੇਡ (ETV BHARAT) ਸਾਂਸਦ ਅੰਮ੍ਰਿਤਪਾਲ ਦੇ ਚਾਚੇ ਦੇ ਘਰ ਰੇਡ
ਇਸ ਤੋਂ ਇਲਾਵਾ ਰਈਏ ਦੇ ਇੱਕ ਫਰਨੀਚਰ ਵਪਾਰੀ ਦੇ ਘਰ ਵੀ ਐਨਆਈਏ ਦੀ ਟੀਮ ਰੇਡ ਲਈ ਪਹੁੰਚੀ ਹੈ। ਇਸ ਨਾਲ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਅਤੇ ਕਰੀਬੀ ਰਿਸ਼ਤੇਦਾਰ ਪ੍ਰਗਟ ਸਿੰਘ ਜੱਲੂਪੁਰ ਖੈੜਾ ਦੇ ਗ੍ਰਹਿ ਰਈਆ ਫੇਰੂਮਾਨ 'ਤੇ ਸਥਿਤ ਉਨ੍ਹਾਂ ਦੇ ਗ੍ਰਹਿ ਸੰਧੂ ਫਰਨੀਚਰ ਹਾਊਸ 'ਤੇ ਛਾਪਾ ਮਾਰਿਆ ਗਿਆ। ਜਾਣਕਾਰੀ ਅਨੁਸਾਰ ਐਨਆਈਏ ਵੱਨੋਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਦੇ ਘਰ ਰੇਡ ਤੋਂ ਬਾਅਦ ਏਜੰਸੀ ਸੁਖਚੈਨ ਸਿੰਘ ਨੂੰ ਨਾਲ ਲੈ ਗਈ ਹੈ। ਨਾਲ ਹੀ ਟੀਮ ਵੱਲੋਂ ਘਰ ਵਿੱਚ ਪਿਆ ਇੱਕ ਡੀਵੀਆਰ ਵੀ ਕਬਜ਼ੇ 'ਚ ਲਿਆ ਗਿਆ ਹੈ।
ਮੋਗਾ 'ਚ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਛਾਪਾ
ਦੱਸ ਦਈਏ ਕਿ ਅੱਜ ਸਵੇਰ ਤੋਂ ਹੀ NIA ਦੀ ਟੀਮ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰੇਡ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਕਸਬਾ ਸਮਾਲਸਰ ਵਿਖੇ ਅੱਜ ਸਵੇਰੇ ਤਕਰੀਬਨ 6 ਵਜੇ ਦੇ ਕਰੀਬ NIA ਦੀ ਟੀਮ ਵੱਲੋਂ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਅਚਾਨਕ ਰੇਡ ਕੀਤੀ ਗਈ। NIA ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਕਿਸ ਮਾਮਲੇ ਵਿਚ ਹੋਈ ਹੈ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੋਈ ਵੀ ਅਧਿਕਾਰੀ ਅਜੇ ਇਸ ਮਾਮਲੇ ਬਾਰੇ ਬੋਲਣ ਲਈ ਤਿਆਰ ਨਹੀਂ ਹੈ।
ਬਿਨਾਂ ਗੱਲ ਤੋਂ ਤੰਗ ਪਰੇਸ਼ਾਨ ਕਰ ਰਹੀ NIA
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਰਨਦੀਪ ਸਿੰਘ ਭਿੰਡਰ ਜੋ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਟੀਮ ਦੇ ਮੈਂਬਰ ਵੀ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਸਵੇਰੇ ਪੰਜ ਵਜੇ ਐਨਆਈਏ ਨੇ ਸਪੈਸ਼ਲ ਰਈਏ ਵਿੱਚ ਜੋ ਭਾਈ ਪ੍ਰਗਟ ਸਿੰਘ ਸੰਧੂ ਫਰਨੀਚਰ ਵਾਲੇ ਹਨ, ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਰੇਡ ਕੀਤੀ ਹੈ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਰਿਸ਼ਤੇ ਵਿੱਚੋਂ ਚਾਚਾ ਜੀ ਵੀ ਲੱਗਦੇ ਹਨ। ਉਹਨਾਂ ਨੂੰ ਕਿਹਾ ਕਿ ਸਾਡੀ ਟੀਮ ਨੂੰ ਨਾਜਾਇਜ਼ ਤੌਰ 'ਤੇ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵਲੋਂ ਵਹੀਰਾਂ ਕੱਢੀਆਂ ਜਾ ਰਹੀਆਂ ਸਨ ਤੇ ਉਨ੍ਹਾਂ ਨੂੰ ਦਬਾਉਣ ਲਈ ਐਨਐਸਏ ਲਗਾਈ ਤੇ ਹੁਣ ਉਨ੍ਹਾਂ ਦੇ ਸਾਥੀਆਂ ਨੂੰ ਐਨਆਈਏ ਰਾਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਚਰਨਦੀਪ ਸਿੰਘ ਭਿੰਡਰ ਨੇ ਕਿਹਾ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਜੋ 19 ਅਗਸਤ ਨੂੰ ਸਿੱਖ ਜਥੇਬੰਦੀਆਂ ਵਲੋਂ ਕਾਨਫਰੰਸ ਕੀਤੀ ਗਈ ਸੀ, ਉਸ ਤੋਂ ਭਾਰਤ ਸਰਕਾਰ ਡਰੀ ਹੋਈ ਹੈ, ਜਿਸ ਕਾਰਨ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੋਰ ਅਪਰਾਧ ਬਹੁਤ ਹੋ ਰਹੇ ਹਨ ਪਰ ਉਨ੍ਹਾਂ 'ਤੇ ਨੱਥ ਨਹੀਂ ਪਾਈ ਜਾ ਰਹੀ ਤੇ ਜੋ ਨਸ਼ਿਆਂ ਨੂੰ ਛਡਾਉਣ ਦੀ ਗੱਲ ਕਰਦਾ ਹੈ, ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।