ਅੰਮ੍ਰਿਤਸਰ:ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦਾ ਅਖਾੜਾ ਪੰਜਾਬ ਦੇ ਵਿੱਚ ਭੱਖ ਚੁੱਕਾ ਹੈ ਅਤੇ ਨਾਮਜ਼ਦਗੀਆਂ ਤੇ ਅੰਤਿਮ ਦਿਨ ਤਹਿਸੀਲ ਕੰਪਲੈਕਸਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਵਾਈਆਂ ਗਈਆਂ ਹਨ।
ਬਾਬਾ ਬਕਾਲਾ 'ਚ ਪਹਿਲੀ ਵਾਰ ਨਗਰ ਪੰਚਾਇਤ ਚੋਣਾਂ (ETV BHARAT ਪੱਤਰਕਾਰ ਅੰਮ੍ਰਿਤਸਰ) ਪਹਿਲੀ ਵਾਰ ਹੋ ਰਹੀ ਨਗਰ ਪੰਚਾਇਤ ਚੋਣ
ਇਸੇ ਦੌਰਾਨ ਗੱਲਬਾਤ ਕਰਦੇ ਹੋਏ ਸਬ ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਅਮਨਦੀਪ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਲਈ ਐਸਡੀਐਮ ਕੋਰਟ ਬਾਬਾ ਬਕਾਲਾ ਸਾਹਿਬ ਦੇ ਦਫਤਰ ਵਿੱਚ ਕੁੱਲ 68 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਇਸ ਦੇ ਨਾਲ ਹੀ ਨਗਰ ਪੰਚਾਇਤ ਰਈਆ ਦੇ ਵਿੱਚ 13 ਨੰਬਰ ਵਾਰਡ ਦੀ ਚੋਣ ਦੇ ਲਈ ਕੁੱਲ 06 ਨਾਮਜਦਗੀਆਂ ਦਾਖਲ ਹੋਈਆਂ ਹਨ। ਉਹਨਾਂ ਦੱਸਿਆ ਕਿ ਪੜਤਾਲ ਤੋਂ ਉਪਰੰਤ 14 ਦਸੰਬਰ ਨੂੰ ਜਿਹੜੇ ਵੀ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈਣੇ ਚਾਹੁਣ ਲੈ ਸਕਦੇ ਹਨ ਤੇ ਇਸ ਤੋਂ ਬਾਅਦ 21 ਦਸੰਬਰ ਨੂੰ ਚੋਣਾਂ ਕਰਵਾਈਆਂ ਜਾਣਗੀਆਂ।
ਚੋਣਾਂ 'ਚ 'ਆਪ' ਵੱਡੀ ਜਿੱਤ ਦਾ ਦਾਅਵਾ
ਇਸ ਦੌਰਾਨ ਗੱਲਬਾਤ ਕਰਦੇ ਹੋਏ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੇ 13 ਦੀਆਂ 13 ਵਾਰਡਾਂ ਤੋਂ ਆਮ ਘਰਾਂ ਦੇ ਨਵੇਂ ਚਿਹਰਿਆਂ ਨੂੰ ਚੋਣਾਂ ਲੜਵਾਈਆਂ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਨਗਰ ਪੰਚਾਇਤ ਰਈਆ ਦੇ ਵਾਰਡ ਨੰਬਰ 13 ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਚੋਣ ਲੜੀ ਜਾਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਲਕੇ ਦੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਵੱਲੋਂ ਮੁੜ ਤੋਂ ਆਪ ਦੇ ਉੱਤੇ ਭਰੋਸਾ ਪ੍ਰਗਟਾ ਕੇ 14 ਦੀਆਂ 14 ਵਾਰਡਾਂ ਤੋਂ ਆਪ ਉਮੀਦਵਾਰਾਂ ਨੂੰ ਜਿਤਾਇਆ ਜਾਵੇਗਾ।
'ਸ਼੍ਰੋਮਣੀ ਅਕਾਲੀ ਦਲ 'ਤੇ ਲੋਕ ਕਰਨਗੇ ਭਰੋਸਾ'
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਇੰਚਾਰਜ ਬਲਜੀਤ ਸਿੰਘ ਜਲਾਲਉਸਮਾ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਦੀਆਂ 13 ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਵੱਡੀ ਲੀਡ ਦੇ ਨਾਲ ਜਿੱਤਣਗੇ। ਜਿਸ ਦਾ ਵੱਡਾ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇਤਿਹਾਸਿਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਦੇ ਵਿੱਚ ਅਨੇਕਾਂ ਹੀ ਵਿਕਾਸ ਕਾਰਜ ਸਰਕਾਰ ਵੱਲੋਂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਨਗਰੀ ਦੀ ਦਿੱਖ ਸੰਵਾਰਨ ਤੋਂ ਇਲਾਵਾ ਨਗਰ ਦੇ ਸਰਵ ਪੱਖੀ ਵਿਕਾਸ ਲਈ ਉਹ ਕੰਮ ਕਰਨਗੇ।