ਅੰਮ੍ਰਿਤਸਰ: ਪੋਹ ਮਹੀਨੇ ਦੇ ਸ਼ੁਰੂ ਹੋਣ ਦੇ ਨਾਲ ਹੀ ਦੇਸ਼ ਦੁਨੀਆਂ ਦੇ ਵਿੱਚ ਵੱਖ-ਵੱਖ ਜਗ੍ਹਾ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੇ ਦੌਰਾਨ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ 'ਸਫਰ ਏ ਸ਼ਹਾਦਤ' ਦੌਰਾਨ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸੰਗਤਾਂ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਦੌਰਾਨ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਆਡੀਟੋਰੀਅਮ ਵਿਖੇ ਕਿਸ਼ਨਪੁਰੀ ਫਾਉਡੇਸ਼ਨ (ਅਹਿਸਾਸ) ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆ ਨੂੰ ਸਿੱਖ ਧਰਮ ਦੇ ਨਾਲ ਜੋੜਨ ਲਈ ਅਤੇ ਦਸਤਾਰ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸੰਤ ਬਾਬਾ ਪਰਮਾਨੰਦ ਜੀ ਦੇ ਆਸ਼ੀਰਵਾਦ ਸਦਕਾ ਨਾਅਰਾ-ਏ-ਦਸਤਾਰ ਪ੍ਰੋਗਰਾਮ ਅਧੀਨ ਬੱਚਿਆਂ ਨੇ ਸੋਹਣੀ ਦਸਤਾਰ ਸਜਾਉਣ ਅਤੇ ਦੁਮਾਲਾ ਸਜਾਉਣ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਸਕੂਲਾਂ ਦੇ ਸਾਰੇ ਬੱਚਿਆਂ ਨੇ ਵੱਧ ਚੜ ਕੇ ਲਿਆ ਹਿੱਸਾ
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਗਿਆਨੀ ਬਿਕਰਮਜੀਤ ਸਿੰਘ ਖਾਲਸਾ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਤੋਂ ਗਿਆਨੀ ਹਰਪ੍ਰੀਤ ਸਿੰਘ ਕਥਾਵਾਚਕ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਵੱਖ-ਵੱਖ ਸ਼ਖਸ਼ੀਅਤਾਂ ਨੇ ਇਸ ਪ੍ਰੋਗਰਾਮ ਦੇ ਵਿਚ ਸ਼ਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ਦੇ ਵਿੱਚ ਜੰਡਿਆਲਾ ਗੁਰੂ ਦੇ ਲਗਭਗ ਸਾਰੇ ਹੀ ਸਕੂਲਾਂ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਬਹੁਤ ਸੋਹਣੀਆਂ-ਸੋਹਣੀਆਂ ਦਸਤਾਰਾਂ ਸਜਾਈਆਂ। ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ 'ਤੇ ਸਿੱਖ ਪੰਥ ਵਿੱਚ ਰਹਿਤ ਮਰਿਆਦਾ ਨਾਲ ਜੋੜਨ ਲਈ ਨਾਲ ਜੁੜਨ ਦੀ ਪ੍ਰੇਰਣਾ ਵੀ ਦਿੱਤੀ ਗਈ ਹੈ।