ਬਟਾਲਾ/ਚੰਡੀਗੜ੍ਹ: ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈਕੇ ਸੂਬੇ 'ਚ ਚੋਣ ਪ੍ਰਚਾਰ ਸਿਖਰਾਂ 'ਤੇ ਹੈ ਤਾਂ ਉਥੇ ਹੀ ਪੁਲਿਸ ਵਲੋਂ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ ਸੂਬੇ 'ਚ ਕਤਲ, ਚੋਰੀ, ਲੁੱਟ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ।
ਗੁਰਦੁਆਰਾ ਕੰਪਲੈਕਸ ਵਿਚ ਖੂਨ ਨਾਲ ਲੱਖਪੱਥ ਲਾਸ਼: ਦੱਸ ਦਈਏ ਕਿ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁਲ 'ਤੇ ਬੀਤੀ ਰਾਤ ਕਤਲ ਹੋ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਕੰਪਲੈਕਸ ਵਿਚ ਖੂਨ ਨਾਲ ਲੱਖਪੱਥ ਲਾਸ਼ ਮਿਲੀ ਹੈ।
ਮੌਕੇ 'ਤੇ ਪੁਲਿਸ ਵਲੋਂ ਜਾਂਚ ਸ਼ੁਰੂ:ਕਾਬਿਲੇਗੌਰ ਹੈ ਕਿ ਭਾਈ ਬਲਵਿੰਦਰ ਸਿੰਘ ਖਾਲਸਾ ਬਟਾਲਾ ਦੇ ਕਸਬਾ ਘੁਮਾਣ ਨੇੜੇ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਦੇ ਮੁਖੀ ਸਨ ਅਤੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਸੰਭਾਲ ਦਾ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਘਰ ਗੁਰਦੁਆਰਾ ਸਾਹਿਬ ਦੇ ਕੋਲ ਸੀ ਜਿੱਥੇ ਦੇਰ ਰਾਤ ਘਰ ਦੇ ਅੰਦਰ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਸੇਵਕ 'ਤੇ ਕਤਲ ਦਾ ਸ਼ੱਕ: ਉਥੇ ਹੀ ਕਤਲ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। ਇਸ ਦੇ ਨਾਲ ਹੀ ਮਿਲੀ ਜਾਣਕਾਰੀ ਅਨੁਸਾਰ ਭਾਈ ਬਲਵਿੰਦਰ ਸਿੰਘ ਖਾਲਸਾ ਦੇ ਸੇਵਕ ਰਮਨਦੀਪ ਸਿੰਘ ਵਾਸੀ ਸਲਾਹਪੁਰ ਵਲੋਂ ਹੀ ਬਾਬੇ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ, ਕਿਉਂਕਿ ਕਤਲ ਕਰਨ ਤੋਂ ਬਾਅਦ ਉਨ੍ਹਾਂ ਦਾ ਸੇਵਕ ਫ਼ਰਾਰ ਦੱਸਿਆ ਜਾ ਰਿਹਾ ਹੈ। ਉਥੇ ਹੀ ਕਤਲ ਦੀ ਰੰਜਿਸ਼ ਕੀ ਹੈ ਇਸੇ ਬਾਰੇ ਪੁਲਿਸ ਜਾਂਚ ਕਰ ਰਹੀ ਹੈ।