ਬਰਨਾਲਾ:ਬੀਤੇ ਦਿਨ ਕਥਿਤ ਤੌਰ 'ਤੇ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਉਪਰੋਕਤ ਮਾਮਲੇ ਨੂੰ ਸ਼ੱਕੀ ਕਰਾਰ ਦਿੰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਐਮ.ਪੀ. ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਕਾਲਾ ਨੂੰ ਫੇਕ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਪਹਿਲਾ ਫੜ੍ਹ ਲਿਆ ਗਿਆ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕਾਲਾ ਧਨੌਲਾ ਨੂੰ ਘੇਰਾ ਪਾਇਆ ਗਿਆ ਤਾਂ ਉਸਨੇ ਦੋਵੇਂ ਹੱਥ ਉੱਪਰ ਕਰਕੇ ਆਤਮ ਸਮਰਪਣ ਕਰ ਦਿੱਤਾ ਸੀ, ਪਰ ਪੁਲਿਸ ਨੇ ਫਿਰ ਵੀ ਕਾਇਰਤਾ ਦਿਖਾਉਂਦੇ ਹੋਏ ਉਸ ਉੱਪਰ ਗੋਲੀ ਚਲਾ ਦਿੱਤੀ।
ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੀ ਰੱਖਦਾ ਸੀ ਸੋਚ: ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸਾਂਸਦ ਮਾਨ ਨੇ ਕਿਹਾ ਕਿ ਗੁਰਮੀਤ ਸਿੰਘ ਕਾਲਾ ਮਾਨ ਨਾਲ ਪਿਛਲੇ ਦਿਨੀਂ ਉਸ ਵੱਲੋਂ ਰੱਖੇ ਖੂਨਦਾਨ ਕੈਂਪ ਮੌਕੇ ਮੁਲਾਕਾਤ ਹੋਈ ਸੀ। ਉਹ ਨਸ਼ਾ ਵਿਰੋਧੀ ਸੋਚ ਦਾ ਮਾਲਕ ਸੀ ਅਤੇ ਪਰਮਿੰਦਰ ਸਿੰਘ ਝੋਟੇ ਵਾਂਗ ਪਿੰਡ-ਪਿੰਡ ਜਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੀ ਸੋਚ ਰੱਖਦਾ ਸੀ। ਮਾਨ ਨੇ ਕਿਹਾ ਕਿ ਜਦੋਂ ਪਰਮਿੰਦਰ ਸਿੰਘ ਝੋਟੇ ਨੇ ਨਸ਼ਿਆਂ ਵਿਰੁੱਧ ਆਵਾਜ਼ ਉਠਾਈ ਸੀ ਤਾਂ ਪੁਲਿਸ ਨੇ ਉਸ ਨੂੰ ਵੀ ਫੜ੍ਹ ਕੇ ਅੰਦਰ ਦੇ ਦਿੱਤਾ ਸੀ। ਇਸ ਲਈ ਸਮਝ ਤੋਂ ਬਾਹਰ ਹੈ ਕਿ ਸਰਕਾਰ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਾਂ ਨਸ਼ਿਆਂ ਨੂੰ ਵਧਾਉਣਾ ਚਾਹੁੰਦੀ ਹੈ।