ਅੰਮ੍ਰਿਤਸਰ :ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਵੀਡੀਓ ਜਾਰੀ ਕਰਕੇ ਸਾਂਝੀ ਕੀਤੀ। ਜਾਣਕਾਰੀ ਮੁਤਾਬਕ ਅੱਜ ਉਨ੍ਹਾਂ ਨੇ ਮੋਹਾਲੀ 'ਚ ਚੱਲ ਰਹੇ ਕੌਮੀ ਇਨਸਾਫ ਮੋਰਚਾ ਦੇ ਦੋ ਸਾਲ ਪੂਰਾ ਹੋਣ 'ਤੇ ਮੋਰਚੇ 'ਚ ਸ਼ਾਮਿਲ ਹੋਣ ਲਈ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ।
MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ (Etv Bharat (ਪੱਤਰਕਾਰ, ਅੰਮ੍ਰਿਤਸਰ)) ਲੋਕਤੰਤਰ ਦਾ ਘਾਣ ਕਰ ਰਹੀ ਮਾਨ ਸਰਕਾਰ
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਰਾਤ ਤੋਂ ਹੀ ਪੂਰੇ ਪਿੰਡ ਦੇ ਵਿੱਚ ਪੁਲਿਸ ਦੇ ਵੱਲੋਂ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੇ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਹੈ ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਹੋਲ ਬਣਿਆ ਹੋਇਆ ਹੈ। ਤਰਸੇਮ ਸਿੰਘ ਨੇ ਕਿਹਾ ਕਿ ਇਸ ਨਾਲ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਸਰਕਾਰ ਡੈਮੋਕਰੇਸੀ ਦਾ ਘਾਣ ਕਰ ਰਹੀ ਹੈ ਕਿ ਲੋਕਾਂ ਨੂੰ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਦੇ ਅਧਿਕਾਰ ਤੋਂ ਵੀ ਵਾਂਝਾ ਕਰਦੇ ਹੋਏ ਇਸ ਤਰ੍ਹਾਂ ਰੋਕ ਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਅਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਹੈ।
ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ (ETV Bharat, ਪੱਤਰਕਾਰ, ਅੰਮ੍ਰਿਤਸਰ) ਲੋਕ ਇੱਕਠ 'ਚ ਹਰ ਵਾਰ ਅੜਿੱਕਾ ਪਾਉਂਦੀ ਸਰਕਾਰ
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਜਦੋਂ ਵੀ ਲੋਕ ਕਿਸੇ ਸਾਂਝੇ ਮੁੱਦੇ 'ਤੇ ਇਕੱਠੇ ਹੁੰਦੇ ਹੈ ਉਦੋਂ ਹੀ ਸਰਕਾਰ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ। ਜਦ ਕਿ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਲੋਕਾਂਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਤੇ ਪਹੁੰਚੋ ਅਤੇ ਉਹਨਾਂ ਦਾ ਸਾਥ ਦਿਓ ਅਤੇ ਆਪਣੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ। ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਬੰਦੀ ਸਿੰਘ ਸਜ਼ਾਵਾਂ ਪੁਰੀਆਂ ਹੋਣ ਤੋਂ ਬਾਅਦ ਵੀ ਕੈਦ ਹਨ ਉਹਨਾਂ ਦੀ ਰਿਹਾਈ ਲਾਈ ਸਾਨੂੰ ਯਤਨ ਕਰਨੇ ਚਾਹੀਦੇ ਹਨ।
ਪੁਲਿਸ ਦਾ ਪਹਿਲਾਂ ਬਿਆਨ ਆਇਆ ਸਾਹਮਣੇ (ETV Bharat, ਪੱਤਰਕਾਰ, ਅੰਮ੍ਰਿਤਸਰ) ਪੁਲਿਸ ਨੇ ਨਜ਼ਰਬੰਦ ਦੇ ਦਾਅਵੇ ਤੋਂ ਕੀਤਾ ਇਨਕਾਰ
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਨਜ਼ਰਬੰਦ ਕਰਨ ਦੇ ਮਾਮਲੇ 'ਚ ਪੁਲਿਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਬਾਬਾ ਬਕਾਲਾ ਦੇ ਡੀਐਸਪੀ ਅਰੁਣ ਸ਼ਰਮਾ ਨੇ ਕਿਹਾ ਕਿ ਉਹਨਾਂ ਵੱਲੋਂ ਕੋਈ ਨਜ਼ਰਬੰਦ ਨਹੀਂ ਕੀਤਾ ਗਿਆ। ਪੁਲਿਸ ਮਹਿਜ਼ ਕਾਨੂੰਨ ਵਿਵਸਥਾ ਨੂੰ ਲੈਕੇ ਤਾਇਨਾਤ ਕੀਤੀ ਗਈ ਹੈ। ਇਸ ਫੋਰਸ ਦਾ ਅੰਮ੍ਰਿਤਪਾਲ ਸਿੰਘ ਦੇ ਪਿਤਾ ਨਾਲ ਕੋਈ ਸਬੰਧ ਨਹੀਂ ਹੈ।
ਪੁਲਿਸ ਅਧਿਕਾਰੀਆਂ ਨਾਲ ਹੋਈ ਮੁਲਾਕਾਤ
ਤਰਸੇਮ ਸਿੰਘ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਬਾਤ ਕੀਤੀ ਅਤੇ ਕਿਹਾ ਕਿ ਪੁਲਿਸ ਆਪਣੇ ਅਫਸਰਾਂ ਦੇ ਹੁਕਮਾਂ ਦੀ ਪਾਲਨਾ ਕਰ ਰਹੀ ਹੈ। ਪੁਲਿਸ ਨੂੰ ਜੋ ਹੁਕਮ ਹੋਏ ਹਨ ਉਹਨਾਂ ਕਾਰਨ ਹੀ ਤਾਇਨਾਤੀ ਕੀਤੀ ਗਈ ਹੈ। ਸਾਂਸਦ ਦੇ ਪਿਤਾ ਨੇ ਕਿਹਾ ਕਿ ਸਰਕਾਰ ਜੇਕਰ ਸਾਨੂੰ ਘਰਾਂ 'ਚ ਡੱਕਣ ਦੀ ਬਜਾਏ ਅਪਰਾਧ ਅਤੇ ਨਸ਼ੇ 'ਤੇ ਠੱਲ ਪਾਵੇ ਤਾਂ ਬਿਹਤਰ ਹੈ। ਹੱਕ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਪੁਲਿਸ ਦੇ ਪਹਿਰੇ ਹੇਠ ਬਿੱਠਾ ਕੇ ਚੰਗਾ ਨਹੀਂ ਕਰ ਰਹੀ ਸਰਕਾਰ ਆਪਣੀ ਪਾਵਰ ਦਾ ਅਤੇ ਪੁਲਿਸ ਫੋਰਸ ਦੀ ਤਾਕਤ ਦਾ ਗਲਤ ਇਸਤਮਾਲ ਕਰ ਰਹੀ ਹੈ।
ਕੌਮੀ ਇਨਸਾਫ ਮੋਰਚੇ ਨੂੰ 2 ਸਾਲ ਹੋਏ ਪੂਰੇ
MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ (Etv Bharat (ਪੱਤਰਕਾਰ, ਅੰਮ੍ਰਿਤਸਰ)) ਇੱਥੇ ਦੱਸਣਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮੰਗਾਂ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਨੂੰ ਅੱਜ 2 ਸਾਲ ਪੂਰੇ ਹੋ ਗਏ ਹਨ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਮੌਕੇ 'ਤੇ ਸਾਥੀਆਂ ਸਮੇਤ ਕੌਮੀ ਇਨਸਾਫ਼ ਮੋਰਚੇ ਵਿਚ ਸ਼ਾਮਲ ਹੋਣ ਲਈ ਜਾਣਾ ਸੀ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਸਵੇਰ ਤੋਂ ਹੀ ਪਿੰਡ ਵਿਚ ਨਾਕੇਬੰਦੀ ਕੀਤੀ ਗਈ ਸੀ। MP ਅੰਮ੍ਰਿਤਪਾਲ ਸਿੰਘ ਦੇ ਘਰ ਦੇ ਨੇੜੇ ਵੀ ਸਵੇਰ ਤੋਂ ਹੀ ਪੁਲਿਸ ਫ਼ੋਰਸ ਤਾਇਨਾਤ ਸੀ।
ਮਾਘੀ ਮੇਲੇ ਦਾ ਇੱਕਠ ਵੀ ਨਿਸ਼ਾਨੇ 'ਤੇ
ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਇਹ ਵੀ ਕਿਹਾ ਕਿ ਸਾਨੂੰ ਪਹਿਲਾਂ ਲੱਗਿਆ ਸੀ ਕਿ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਠੱਲ੍ਹ ਪਾਉਣ ਲਈ ਫੋਰਸ ਲਾਈ ਗਈ ਹੈ ਪਰ ਬਾਅਦ ਵਿੱਚ ਜਦੋਂ ਸਾਡੇ ਕੋਲ ਆਕੇ ਸਾਨੂੰ ਬਾਹਰ ਨਾ ਜਾਣ ਦੀ ਹਿਦਾਇਤ ਕੀਤੀ। ਇਸ ਤੋਂ ਪਤਾ ਲੱਗਾ ਕਿ ਪੰਜਾਬ ਸਰਕਾਰ ਦੀ ਮਨਸ਼ਾ ਕੀ ਹੈ। ਉਹਨਾਂ ਕਿਹਾ ਕਿ ਮਾਘੀ ਮੇਲੇ ਦੇ ਇੱਕਠ ਨੂੰ ਲੈਕੇ ਵੀ ਸਰਕਾਰ ਉਹਨਾਂ ਨੂੰ ਰੋਕ ਸਕਦੀ ਹੈ ਕਿਉਂਕਿ ਉਸ ਦਿਨ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ। ਜਿਸ ਕਾਰਨ ਹੋ ਸਕਦਾ ਹੈ ਰੋਕਣ ਦੀ ਕੋਸ਼ਿਸ਼ ਹੋਵੇ।