ਰੂਪਨਗਰ:ਬੀਤੇ ਦਿਨੀਂ ਮੋਰਿੰਡਾ ਤੋਂ ਲਾਪਤਾ ਹੋਏ ਨੌਜਵਾਨ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਦਰਸਲ ਮੋਰਿੰਡਾ ਪੁਲਿਸ ਨੇ 29 ਸਾਲਾ ਰਾਜਨ ਵਰਮਾ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਉਸ ਦੇ ਦੋ ਦੋਸਤਾਂ ਨੂੰ ਕਾਬੂ ਕੀਤਾ ਹੈ ਜਿਨਾ ਨੇ ਉਕਤ ਲਾਪਤਾ ਨੌਜਵਾਨ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਸਾਜਿਸ਼ ਰਚੀ ਸੀ। ਮਾਮਲੇ ਦੀ ਪੜਤਾਲ ਕਰਦਿਆਂ ਪੁਲਿਸ ਨੇ ਕੁਝ ਹੀ ਘੰਟਿਆਂ ਬਾਅਦ ਮ੍ਰਿਤਕ ਦੇ ਹੀ ਤਿੰਨ ਦੋਸਤਾਂ ਖਿਲਾਫ਼ ਬੀਐਨਐਸ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰਾਜਨ ਵਰਮਾ ਦੇ ਛੋਟੇ ਭਰਾ ਸੰਜੀਵ ਕੁਮਾਰ ਵੱਲੋਂ ਸਿਟੀ ਪੁਲਿਸ ਕੋਲ ਭਰਾ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ।
ਸਾਜਿਸ਼ ਤਹਿਤ ਦੋਸਤਾਂ ਨੇ ਹੀ ਰਾਜਨ ਨੂੰ ਉਤਾਰਿਆ ਮੌਤ ਦੇ ਘਾਟ (Etv Bharat) ਆਖਰੀ ਵਾਰ ਦੋਸਤਾਂ ਨਾਲ ਸੀ ਰਾਜਨ
ਇਸ ਮਾਮਲੇ 'ਚ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਰਾਜਨ ਵਰਮਾ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਉਸ ਦੇ ਦੋਸਤ ਵੀ ਪਰਿਵਾਰ ਦੇ ਨਾਲ ਹਮਦਰਦ ਬਣ ਕੇ ਘੁੰਮਦੇ ਰਹੇ। ਇਸ ਦੌਰਾਨ ਪੁਲਿਸ ਨੂੰ ਸ਼ੱਕ ਹੋਇਆ ਤਾਂ ਪਰਿਵਾਰ ਨਾਲ ਗੱਲ ਬਾਤ ਕੀਤੀ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰਾਜਨ ਆਖਰੀ ਸਮੇਂ ਆਪਣੇ ਦੋਸਤਾਂ ਦੇ ਨਾਲ ਹੀ ਸੀ। ਬਿਆਨਾਂ ਮੁਤਾਬਿਕ"17 ਜਨਵਰੀ ਸ਼ਾਮ 6-30 ਵਜੇ ਕਮਲਪ੍ਰੀਤ ਸਿੰਘ ਜੌਨੀ ਰਾਜਨ ਨੂੰ ਆਪਣੇ ਨਾਲ਼ ਲੈ ਗਿਆ ਸੀ। ਕੁੱਝ ਸਮੇਂ ਬਾਅਦ ਜਦੋਂ ਅਸੀਂ ਰਾਜਨ ਵਰਮਾ ਦੇ ਫੋਨ ਨੰਬਰ 'ਤੇ ਗੱਲ ਕਰਨੀ ਚਾਹੀ ਤਾਂ ਉਸੇ ਸਮੇਂ ਕਮਲਪ੍ਰੀਤ ਜੌਨੀ ਨੇ ਦੱਸਿਆ ਕਿ ਰਾਜਨ ਵਰਮਾ ਸ਼ਰਾਬ ਲੈਣ ਗਿਆ ਹੋਇਆ ਹੈ। ਜਦੋਂ ਵਾਪਸ ਆਵੇਗਾ ਤੁਹਾਡੀ ਗੱਲ ਕਰਵਾ ਦੇਵਾਂਗਾ। ਕੁਝ ਸਮਾਂ ਬਾਅਦ ਜਦੋਂ ਫਿਰ ਦੁਬਾਰਾ ਸੰਪਰਕ ਕੀਤਾ ਤਾਂ ਜੌਨੀ ਨੇ ਆਖਿਆ ਕਿ ਰਾਜਨ ਸਾਡੇ ਕੋਲੋਂ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਪਣੇ ਭਰਾ ਰਾਜਨ ਦੇ ਫੋਨ 'ਤੇ ਕਾਲ ਕਰਨੀ ਚਾਹੀ ਤਾਂ ਉਸਦਾ ਫੋਨ ਬੰਦ ਸੀ।" ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
ਪੁਲਿਸ ਨੇ ਕਾਬੂ ਕੀਤੇ ਦੋ ਮੁਲਜ਼ਮ ਦੋਸਤ
ਪੜਤਾਲ ਤੋਂ ਬਾਅਦ ਪੁਲਿਸ ਨੇ ਕਮਲਪ੍ਰੀਤ ਸਿੰਘ ਉਰਫ਼ ਜੌਨੀ ਵਾਸੀ ਕਾਈਨੌਰ , ਗੁਰਪ੍ਰੀਤ ਸਿੰਘ ਉਰਫ ਜੱਸੀ ਵਾਸੀ ਚੁੰਨੀ ਰੋਡ ਮੋਰਿੰਡਾ ਅਤੇ ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਾਨਖੇੜੀ ਦੇ ਖਿਲਾਫ਼ ਬੀਐਨਐਸ ਦੀਆਂ ਵੱਖ--ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦਕਿ ਪੁਲਿਸ ਅਨੁਸਾਰ ਕਮਲਪ੍ਰੀਤ ਸਿੰਘ ਉਰਫ ਜੌਨੀ ਪੁੱਤਰ ਗੁਰਮੀਤ ਸਿੰਘ ਵਾਸੀ ਕਾਈਨੌਰ ਦੀ ਤਲਾਸ਼ ਜਾਰੀ ਹੈ।