ਲੁਧਿਆਣਾ: ਪੰਜਾਬ ਦੇ ਵਿੱਚ 27 ਅਤੇ 28 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਕੱਲ੍ਹ ਤੋਂ ਹੀ ਪੰਜਾਬ ਭਰ ਦੇ ਵਿੱਚ ਬੱਦਲਵਾਈ ਵਾਲਾ ਮੌਸਮ ਬਣਨਾ ਸ਼ੁਰੂ ਹੋ ਜਾਵੇਗਾ ਅਤੇ 27 28 ਫਰਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।
'ਮੀਂਹ ਕਾਰਨ ਤਾਪਮਾਨ ਵਿੱਚ ਆਵੇਗੀ ਗਿਰਾਵਟ'
ਇਸ ਨੂੰ ਲੈ ਕੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਜਨਵਰੀ ਮਹੀਨੇ ਤੋਂ ਹੀ ਮੌਸਮ ਦੇ ਵਿੱਚ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਫਰਵਰੀ ਮਹੀਨੇ ਦੀ ਜੇਕਰ ਪਹਿਲੇ ਹਫਤੇ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਤਿੰਨ ਡਿਗਰੀ ਆਮ ਨਾਲੋਂ ਜਿਆਦਾ ਸੀ ਹਾਲਾਂਕਿ ਆਖਰੀ ਹਫਤੇ ਤੱਕ ਇਹ ਲਗਭਗ ਆਮ ਤਾਪਮਾਨ ਦੇ ਨੇੜੇ ਆ ਗਿਆ ਹੈ। ਪਰ ਫਿਰ ਵੀ ਇੱਕ ਡਿਗਰੀ ਜਿਆਦਾ ਹੈ। ਮੀਂਹ ਪੈਣ ਨਾਲ ਉਮੀਦ ਹੈ ਕਿ ਤਾਪਮਾਨ ਆਮ ਵਾਂਗ ਹੋ ਜਾਵੇਗਾ।

'ਇੱਕ ਨਵਾਂ ਪੱਛਮੀ ਚੱਕਰਵਾਤ ਆ ਰਿਹਾ ਹੈ, ਜਿਸ ਕਰਕੇ ਇਹ ਬਾਰਿਸ਼ ਪਵੇਗੀ'
ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਜਨਵਰੀ ਮਹੀਨੇ ਦੇ ਵਿੱਚ ਵੀ ਬਾਰਿਸ਼ ਘੱਟ ਰਹੀ ਹੈ। ਆਮ ਤੌਰ ਉੱਤੇ ਜਨਵਰੀ ਦੇ ਵਿੱਚ 28 ਐਮਐਮ ਤੱਕ ਮੀਂਹ ਰਿਕਾਰਡ ਕੀਤਾ ਜਾਂਦਾ ਹੈ ਪਰ ਇਸ ਵਾਰ 7 ਐਮਐਮ ਬਾਰਿਸ਼ ਹੀ ਹੋਈ ਹੈ। ਇਸੇ ਤਰ੍ਹਾਂ ਫਰਵਰੀ ਮਹੀਨੇ ਦੇ ਵਿੱਚ ਵੀ ਇੱਕ ਵਾਰ ਹੀ ਫਿਲਹਾਲ ਬਾਰਿਸ਼ ਰਿਕਾਰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਜੇਕਰ ਬਾਰਿਸ਼ ਹੁੰਦੀ ਹੈ ਤਾਂ ਇਸ ਨਾਲ ਕਾਫੀ ਰਾਹਤ ਮਿਲੇਗੀ, ਫਸਲਾਂ ਲਈ ਵੀ ਇਹ ਮੀਂਹ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਇੱਕ ਨਵਾਂ ਪੱਛਮੀ ਚੱਕਰਵਾਤ ਆ ਰਿਹਾ ਹੈ। ਜਿਸ ਕਰਕੇ ਇਹ ਬਾਰਿਸ਼ ਪਵੇਗੀ।