ਫਿਰੋਜ਼ਪੁਰ : ਫਿਰੋਜ਼ਪੁਰ ਦੇ ਹਲਕਾ ਜ਼ੀਰਾ ਵਿਖੇ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੀਰਾ ਵਿੱਚ ਮੋਟਰਸਾਈਕਲ 'ਤੇ ਸਵਾਰ 2 ਨਕਾਬਪੋਸ਼ ਹਥਿਆਰਬੰਦ ਹਮਲਾਵਰਾਂ ਨੇ ਇੱਕ ਮਸ਼ਹੂਰ ਸੁਨੇਆਰੇ ਦੀ ਦੁਕਾਨ ਕਾਂਡਾ ਜਵੈਲਰਜ਼ 'ਤੇ ਦਿਨ-ਦਿਹਾੜੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ।
ਜਾਣਕਾਰੀ ਮੁਤਾਬਿਕ ਦੁਕਾਨਦਾਰ ਅਤੇ ਦੁਕਾਨ ਖੋਲ੍ਹ ਹੀ ਰਿਹਾ ਸੀ ਕਿ ਹਮਲਾਵਰਾਂ ਨੇ ਉਸੇ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿੱਚ ਉੱਥੋਂ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਵੱਲੋਂ ਚਲਾਈ ਗਈ ਗੋਲੀ ਦੁਕਾਨ ਦੇ ਸ਼ੀਸ਼ੇ 'ਤੇ ਲੱਗੀ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਮੌਕੇ 'ਤੇ ਪਹੁੰਚੇ।
ਵਪਾਰੀਆਂ ਵਿੱਚ ਡਰ ਦਾ ਮਾਹੌਲ
ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਅਤੇ ਸੁਨਿਆਰੇ ਦੇ ਮੁਖੀ ਰਘੁਬੀਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ। ਜੇਕਰ ਪੁਲਿਸ ਨੇ ਹਮਲਾਵਰਾਂ ਨੂੰ ਜਲਦੀ ਨਹੀਂ ਫੜਿਆ ਤਾਂ ਜ਼ੀਰਾ ਸ਼ਹਿਰ ਦੇ ਵਪਾਰੀ ਸ਼ਹੀਰ ਬੰਦ ਕਰ ਦੇਣਗੇ। ਕੁਲਬੀਰ ਜ਼ੀਰਾ ਨੇ ਮੌਜੂਦਾ ਸਰਕਾਰ ਉੱਤੇ ਤੰਜ਼ ਕੱਸਦਿਆਂ ਕਿਹਾ ਕਿ ਜਦੋਂ ਦੀ ਆਪ ਸਰਕਾਰ ਬਣੀ ਹੈ ਕਿ ਉਸ ਸਮੇਂ ਤੋਂ ਹੀ ਫਿਰੋਜ਼ਪੁਰ ਦਾ ਨਾਂ ਚੋਰਪੁਰ ਬਣ ਗਿਆ ਹੈ ਅਤੇ ਪੰਜਾਬ ਗੈਂਗਸਟਰਾਂ ਦਾ ਬਣ ਗਿਆ ਹੈ।

ਸਾਬਕਾ ਵਿਧਾਇਕ ਨੇ ਕਿਹਾ ਕਿ ਆਪ ਸਰਕਾਰ ਸਿਰਫ ਦਿਖਾਵੇ ਦੀ ਹੀ ਸਰਕਾਰ ਹੈ। ਪੁਲਿਸ ਵੀ ਗੈਂਗਸਟਰਾਂ ਦੇ ਨਾਂ ਤੋਂ ਡਰਦੀ ਹੈ। ਇਸ ਦੇ ਨਾਲ ਹੀ ਕੁਲਬੀਰ ਜ਼ੀਰਾ ਨੇ ਸਿੱਧੇ ਤੌਰ ਉੱਤੇ ਕਿਹਾ ਕਿ ਪੁਲਿਸ ਕੋਲ ਅੱਜ ਦਾ ਦਿਨ ਹੈ ਜੇ ਪੁਲਿਸ ਗੈਂਗਸਟਰਾਂ ਨੂੰ ਫੜਦੀ ਹੈ ਤਾਂ ਠੀਕ ਹੈ ਨਹੀਂ ਤਾਂ ਜ਼ੀਰਾ ਸ਼ਹਿਰ ਅਣਮਿੱਥੇ ਸਮੇਂ ਲਈ ਕੱਲ੍ਹ ਤੋਂ ਬੰਦ ਕਰ ਦਿੱਤਾ ਜਾਵੇਗਾ।