ਅੰਮ੍ਰਿਤਸਰ: ਇੱਕ ਪਾਸੇ ਜਿਥੇ ਪੁਲਿਸ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਉਥੇ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਬਦਮਾਸ਼ਾਂ ਵਲੋਂ ਦਿਨ ਦਿਹਾੜੇ ਦੰਦਾਂ ਦੇ ਡਾਕਟਰ ਦੇ ਕਲੀਨਿਕ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਪੀੜਤ ਵਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰਵਾਈ ਗਈ ਪਰ ਨਾਲ ਹੀ ਪੀੜਤ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਦਿਨ ਦਿਹਾੜੇ ਕਲੀਨਿਕ 'ਤੇ ਕੀਤਾ ਹਮਲਾ:ਇਸ ਸਬੰਧੀ ਪੀੜਤ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਨੌਜਵਾਨ ਪਹਿਲਾਂ ਉਸਦੇ ਕੀਲੀਨਿਕ ਵਿੱਚ ਆਉਂਦਾ ਹੈ ਅਤੇ ਉਸ ਕੋਲੋਂ ਦਾੜ ਦਰਦ ਦੀ ਦਵਾਈ ਲੈਂਦਾ ਹੈ ਅਤੇ ਕੁਝ ਸਮੇਂ ਬਾਅਦ ਤਿੰਨ ਨੌਜਵਾਨ ਆਉਂਦੇ ਹਨ ਅਤੇ ਉਸ ਨਾਲ ਕੁੱਟਮਾਰ ਕਰਦੇ ਹਨ ਅਤੇ ਉਸ ਕੋਲੋਂ ਪੈਸੇ ਲੈ ਕੇ ਉਥੋਂ ਫਰਾਰ ਹੋ ਜਾਂਦੇ ਹਨ। ਉਸਦਾ ਕਹਿਣਾ ਹੈ ਕਿ ਜਦੋਂ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਸਿਰਫ ਸ਼ਿਕਾਇਤ ਦੇ ਨਾਂ 'ਤੇ ਪੁਲਿਸ ਵੱਲੋਂ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਹੁਣ ਪੁਲਿਸ ਨੇ ਉਸ ਨੂੰ ਐਕਸਰਾ ਕਰਾਉਣ ਵਾਸਤੇ ਕਿਹਾ ਹੈ ਅਤੇ ਹੁਣ ਉਸ ਵੱਲੋਂ ਐਕਸਰਾ ਕਰਾ ਕੇ ਪੁਲਿਸ ਨੂੰ ਰਿਪੋਰਟ ਦੁਬਾਰਾ ਤੋਂ ਦਿੱਤੀ ਜਾਵੇਗੀ ਪਰ ਉਸ ਨੂੰ ਆਸ ਨਹੀਂ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਪੁਲਿਸ ਵੱਲੋਂ ਉਹਨਾਂ ਦੋਸ਼ੀਆਂ ਦੇ ਖਿਲਾਫ ਕੀਤੀ ਜਾਵੇਗੀ।