ਮੋਗਾ:ਅੱਜ ਦੇ ਨੌਜਵਾਨਾਂ ਦੀ ਸੋਚ ਨੂੰ ਸਲਾਮ ਕਰਨਾ ਬਣਦਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੇਧ ਦੇ ਰਹੇ ਹਨ। ਅਜਿਹਾ ਹੀ ਇੱਕ ਵੱਖਰਾ ਉਪਰਾਲਾ ਮੋਗਾ ਦੇ ਨੌਜਵਾਨ ਕਮਲਪ੍ਰੀਤ ਸਿੰਘ ਨੇ ਕੀਤਾ। ਦੱਸ ਦਈਏ ਕਿ ਹਲਕਾ ਧਰਮਕੋਟ ਅੰਦਰ ਪੈਂਦੇ ਪਿੰਡ ਮਹਿਰੋਂ 'ਚ ਸਾਦੇ ਵਿਆਹ ਦੀ ਵਿਲੱਖਣ ਮਿਸਾਲ ਸਾਹਮਣੇ ਆਈ ਹੈ। ਲੜਕੀ ਵਾਲਿਆਂ ਦੇ ਘਰ ਸਵੇਰੇ ਸਵੇਰੇ ਬਰਾਤ ਪਹੁੰਚੀ ਅਤੇ ਉਸ ਤੋਂ ਬਾਅਦ ਲਾਵਾਂ ਪੜ੍ਹੀਆਂ ਗਈਆਂ, ਜਦੋਂਕਿ ਸਵੇਰ ਦੇ 10 ਵਜੇ ਲਾੜੀ ਨੂੰ ਵਿਆਹ ਕੇ ਲਾੜਾ ਆਪਣੇ ਘਰ ਵੀ ਪਰਤ ਆਇਆ।
ਵਿਆਹ ਦੇ ਹਰ ਪਾਸੇ ਚਰਚੇ (ETV Bharat) ਵਿਆਹ ਦੇ ਹਰ ਪਾਸੇ ਚਰਚੇ
ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਲਾੜੇ ਨੇ ਆਪਣੇ ਪਿੰਡ ਮਹਿਰੋਂ ਪਹੁੰਚ ਕੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਸਮਾਗਮ ਕਰਵਾਇਆ ਅਤੇ ਉਸ ਤੋਂ ਬਾਅਦ ਵਿੱਚ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਇਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ।
ਫਜ਼ੂਲ ਖ਼ਰਚਾ ਨਾ ਕਰਨ ਦੀ ਅਪੀਲ
ਗੱਲਬਾਤ ਕਰਦਿਆਂ ਹੋਇਆਂ ਲਾੜੇ ਕਮਲਪ੍ਰੀਤ ਸਿੰਘ ਨੇ ਕਿਹਾ ਕਿ "ਅੱਜ ਕੱਲ ਲੋਕਾਂ ਵੱਲੋਂ ਵਿਆਹ ਸ਼ਾਦੀਆਂ ਵਿੱਚ ਵਾਧੂ ਖਰਚੇ ਕੀਤੇ ਜਾਂਦੇ ਹਨ। ਕੁੱਝ ਘੰਟਿਆਂ ਦੇ ਵਿਆਹ ਨੂੰ ਕਈ ਕਈ ਫੰਕਸ਼ਨਾਂ 'ਚ ਵੰਡ ਕੇ ਸਮਾਂ ਅਤੇ ਪੈਸਾ ਬਰਬਾਦ ਕੀਤਾ ਜਾਂਦਾ ਹੈ। ਜਿਸ ਨਾਲ ਕੁੜੀ ਵਾਲਿਆਂ ਅਤੇ ਮੁੰਡੇ ਵਾਲਿਆਂ 'ਤੇ ਕਰਜ਼ਾ ਚੜ੍ਹ ਜਾਂਦਾ ਹੈ। ਇਸ ਕਰਕੇ ਉਨ੍ਹਾਂ ਨੇ ਪਹਿਲਾਂ ਤੋਂ ਹੀ ਇਹ ਸੋਚ ਸੀ ਕਿ ਉਹ ਇੱਕ ਸਾਦੇ ਢੰਗ ਨਾਲ ਵਿਆਹ ਕਰਵਾਉਣਗੇ।"
ਵਿਆਹ ਦੇ ਹਰ ਪਾਸੇ ਚਰਚੇ (ETV Bharat) ਪੈਸੇ ਦਾ ਸਹੀ ਇਸਤੇਮਾਲ ਕਰੋ
"ਜੇਕਰ ੳੇੁਹ ਵਿਆਹਾਂ-ਸ਼ਾਦੀਆਂ 'ਤੇ ਵਾਧੂ ਪੈਸਾ ਨਾ ਖ਼ਰਚ ਕੇ ਸਮਾਜ ਦੀ ਭਲਾਈ ਲਈ ਲਗਾਉਣ ਤਾਂ ਇਹ ਜਿਆਦਾ ਚੰਗਾ ਹੋਵੇਗਾ। ਉਨ੍ਹਾਂ ਨੇ ਖੁਦ ਆਪਣੇ ਵਿਆਹ 'ਤੇ ਫਾਲਤੂ ਖ਼ਰਚ ਕਰਨ ਦੀ ਬਜਾਏ ਉਨ੍ਹਾਂ ਨੇ ਅੱਖਾਂ ਦੇ ਮੁਫ਼ਤ ਕੈਂਪ ਲਗਾਇਆ ਅਤੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਉਹ ਆ ਕੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਣ ਅਤੇ ਉਨ੍ਹਾਂ ਨੂੰ ਦਵਾਈਆਂ, ਐਨਕਾਂ ਅਤੇ ਸਰਜਰੀ ਤੱਕ ਮੁਫ਼ਤ ਕੀਤੀ ਜਾਵੇਗੀ।"ਕਮਲਪ੍ਰੀਤ ਸਿੰਘ, ਲਾੜਾ
10-15 ਬੰਦਿਆਂ ਦੀ ਹਾਜ਼ਰੀ ਵਿੱਚ ਵਿਆਹ
ਲਾੜੀ ਮਨਦੀਪ ਕੌਰ ਨੇ ਕਿਹਾ ਕਿ ਅਸੀਂ ਦੋਵਾਂ ਪਰਿਵਾਰਾਂ ਨੇ ਪਹਿਲਾਂ ਹੀ ਇਹ ਸਭ ਸੋਚ ਰੱਖਿਆ ਸੀ ਕਿ ਅਸੀਂ ਕੋਈ ਵੀ ਫਾਲਤੂ ਖ਼ਰਚਾ ਨਹੀਂ ਕਰਨਾ, ਬਲਕਿ ਉਹ ਕੰਮ ਕਰਨਾ ਹੈ ਜਿਸ ਨਾਲ ਲੋਕਾਂ ਦਾ ਕੁੱਝ ਭਲਾ ਹੋ ਸਕੇ। ਇਸ ਲਈ ਸਿਰਫ਼ ਦੋਵਾਂ ਪਰਿਵਾਰਾਂ ਦੇ ਕਰੀਬ 10-15 ਬੰਦਿਆਂ ਦੀ ਮੌਜ਼ੂਦਗੀ ਅਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਸੀਂ ਅਨੰਦ ਕਾਰਜ ਦੀ ਰਸਮ ਅਦਾ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਅੱਗੇ ਵੀ ਸਮਾਜ ਦੀ ਭਲਾਈ ਲਈ ਕੰਮ ਕਰਦੇ ਰਹਾਂਗੇ।