ਬਰਨਾਲਾ: ਨਗਰ ਸੁਧਾਰ ਟਰੱਸਟ 25 ਏਕੜ ਵਾਲੀ ਸੜਕ ਦਾ ਕਰੀਬ 1.58 ਕਰੋੜ ਦੀ ਲਾਗਤ ਦਾ ਕੰਮ ਆਖਰੀ ਪੜਾਅ 'ਤੇ ਹੈ। ਜਿਸ ਤਹਿਤ ਸੜਕ ਦੇ ਵਿਚਕਾਰ ਵੱਡੀ ਗਿਣਤੀ ਪੌਦੇ ਲਾਏ ਜਾ ਰਹੇ ਹਨ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੜਕ ਨੇੜੇ ਪੌਦੇ ਲਗਾ ਕੇ ਇਸ ਪਲਾਂਟੇਸ਼ਨ ਮੁਹਿੰਮ ਨੂੰ ਹੁਲਾਰਾ ਦਿੱਤਾ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਮਿੰਨੀ ਜੰਗਲ ਵੀ ਲਾਇਆ ਜਾ ਰਿਹਾ ਹੈ, ਜੋ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
ਨਗਰ ਸੁਧਾਰ ਟਰੱਸਟ ਅਧੀਨ ਆਉਂਦੀ ਇਹ ਸੜਕ ਬਣਵਾਈ:ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਵਿਸ਼ੇਸ਼ ਗ੍ਰਾਂਟ ਨਾਲ ਇਸ ਸੜਕ ਦਾ ਕੰਮ ਕਰਵਾਇਆ ਗਿਆ ਹੈ। ਜਿਸ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਬੇਹੱਦ ਖਰਾਬ ਸੀ। ਉਨ੍ਹਾਂ ਦੱਸਿਆ ਕਿ ਤਕਰੀਬਨ 86.94 ਲੱਖ ਨਾਲ ਫੁਹਾਰਾ ਚੌਂਕ ਤੋਂ ਸਟੇਡੀਅਮ ਨੇੜੇ ਗੇਟ ਤੱਕ ਨਗਰ ਸੁਧਾਰ ਟਰੱਸਟ ਅਧੀਨ ਆਉਂਦੀ ਇਹ ਸੜਕ ਬਣਵਾਈ ਗਈ ਹੈ। ਇਸ ਤੋਂ ਇਲਾਵਾ ਬੱਸ ਸਟੈਂਡ ਤੋਂ ਵਾਲਮੀਕਿ ਚੌਂਕ ਅਤੇ ਵਾਲਮੀਕਿ ਚੌਂਕ ਤੋਂ ਸਟੇਡੀਅਮ ਤੱਕ 71.77 ਲੱਖ ਦੀ ਲਾਗਤ ਨਾਲ ਗਰਿੱਲ, ਫੁੱਟਪਾਥ ਸਮੇਤ ਹੋਰ ਕੰਮ ਕਰਵਾਇਆ ਗਿਆ ਹੈ।
ਟਰੱਸਟ ਵੱਲੋਂ 350 ਦੇ ਕਰੀਬ ਵੱਖ ਵੱਖ ਤਰ੍ਹਾਂ ਦੇ ਪੌਦੇ ਲਾਏ :ਉਨ੍ਹਾਂ ਕਿਹਾ ਕਿ ਉਹ ਬਰਨਾਲਾ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਯਤਨਸ਼ੀਲ ਹਨ, ਜਿਸ ਤਹਿਤ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ਉੱਤੇ ਸ਼ਹਿਰ ਤੋਂ ਬਾਈਪਾਸ ਨਾਲ ਜੋੜਦੀਆਂ ਸੜਕਾਂ ਨੂੰ ਚੌੜਾ ਕਰਾਉਣ ਲਈ ਪਿਛਲੇ ਦਿਨੀਂ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਮਿਲੇ ਹਨ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਸ੍ਰੀ ਰਾਮ ਤੀਰਥ ਮੰਨਾ ਨੇ ਕਿਹਾ ਕਿ ਤਕਰੀਬਨ 1.58 ਕਰੋੜ ਤੋਂ ਵੱਧ ਦੀ ਲਾਗਤ ਵਾਲਾ ਸੜਕ ਦਾ ਪ੍ਰੋਜੈਕਟ ਆਖਰੀ ਪੜਾਅ 'ਤੇ ਹੈ, ਜੋ ਕਿ ਜਲਦ ਹੀ ਮੁਕੰਮਲ ਹੋ ਜਾਵੇਗਾ। ਇਸ ਤਹਿਤ ਫੁੱਟਪਾਥ, ਰੰਗ-ਰੋਗਨ ਤੇ ਪਲਾਂਟੇਸ਼ਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜਕ 'ਤੇ ਟਰੱਸਟ ਵੱਲੋਂ 350 ਦੇ ਕਰੀਬ ਵੱਖ ਵੱਖ ਤਰ੍ਹਾਂ ਦੇ ਪੌਦੇ ਲਾਏ ਜਾ ਚੁੱਕੇ ਹਨ ਅਤੇ ਹੋਰ ਵੀ ਲਾਏ ਰਹੇ ਹਨ।
ਬਰਨਾਲਾ ਸ਼ਹਿਰ ਵਿੱਚ ਮਿੰਨੀ ਜੰਗਲ ਲਾਇਆ: ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਇਸ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਵਿਸ਼ੇਸ਼ ਗ੍ਰਾਂਟ ਵਾਸਤੇ ਧੰਨਵਾਦ ਕੀਤਾ। ਸ੍ਰੀ ਮੰਨਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਟਰੱਸਟ ਵੱਲੋਂ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਮੁਹਿੰਮ ਤਹਿਤ ਹੰਭਲਾ ਮਾਰਦੇ ਹੋਏ ਬਰਨਾਲਾ ਸ਼ਹਿਰ ਵਿੱਚ ਮਿੰਨੀ ਜੰਗਲ ਲਾਇਆ ਜਾ ਰਿਹਾ ਹੈ। ਪ੍ਰੇਮ ਪ੍ਰਧਾਨ ਮਾਰਕੀਟ ਦੇ ਪਿਛਲੇ ਪਾਸੇ ਟਰੱਸਟ ਦੀ ਜਗ੍ਹਾ ਵਿੱਚ ਜੰਗਲ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ਵਿੱਚ ਕਰੀਬ 1000 ਤੋਂ 1500 ਬੂਟੇ ਲਾਏ ਜਾਣਗੇ ਜਿਸ ਨਾਲ ਸ਼ਹਿਰ ਦੀ ਹਰਿਆਵਲ ਵਿੱਚ ਹੋਰ ਵਾਧਾ ਹੋਵੇਗਾ।