ਬਰਨਾਲਾ:ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਰੌਲੇ ਵਿੱਚ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਸਿਆਸੀ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਹਨ, ਉਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਦੇ ਬਾਜ਼ਾਰਾਂ ਵਿੱਚ ਮਾਰਚ ਕਰਵਾਇਆ ਗਿਆ। ਸਰਕਾਰਾਂ ਦੀਆਂ ਕਿਸਾਨ ਮਜ਼ਦੂਰ ਅਤੇ ਵਪਾਰ ਵਿਰੋਧੀ ਨੀਤੀਆਂ ਪ੍ਰਤੀ ਬਰਨਾਲਾ ਦੇ ਬਾਜ਼ਾਰਾਂ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ।
ਚੋਣ ਪ੍ਰਚਾਰ ਦੇ ਰੌਲੇ 'ਚ ਬੀਕੇਯੂ ਉਗਰਾਹਾਂ ਵੱਲੋਂ ਸ਼ਹਿਰ ਵਿੱਚ ਮਾਰਚ, ਦੁਕਾਨਦਾਰਾਂ ਨੂੰ ਕੀਤਾ ਜਾਗਰੂਕ (ETV Bharat (ਪੱਤਰਕਾਰ, ਬਰਨਾਲਾ))
ਵਪਾਰ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ
ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਅਤੇ ਮਹਿਲਾ ਕਿਸਾਨ ਆਗੂ ਬਿੰਦਰ ਪਾਲ ਕੌਰ ਨੇ ਕਿਹਾ ਕਿ ਅੱਜ ਬਰਨਾਲਾ ਸ਼ਹਿਰ ਦੇ ਬਾਜ਼ਾਰ ਵਿੱਚ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਸਰਕਾਰਾਂ ਦੀਆਂ ਵਪਾਰ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਕਿਉਂਕਿ ਭਾਰਤ ਵਿੱਚ ਹੁਣ ਐਮਾਜਨ ਫਲਿਪ ਕਾਰਡ ਅਤੇ ਬਾਲਮਾਰਟ ਵਰਗੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਦਾਖਲ ਹੋ ਗਈਆਂ ਹਨ ਜੋ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਖਤਮ ਕਰ ਦੇਣਗੀਆਂ। ਇਹਨਾਂ ਕਾਰਪੋਰੇਟ ਕੰਪਨੀਆਂ ਦੇ ਏਜੰਡੇ ਬਾਰੇ ਇੱਕ ਪਰਚਾ ਵੀ ਦੁਕਾਨਦਾਰਾਂ ਨੂੰ ਦਿੱਤਾ ਜਾ ਰਿਹਾ ਹੈ।
ਸਿਆਸੀ ਪਾਰਟੀਆਂ ਨੂੰ ਸਵਾਲ
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਕੇ ਖੇਤੀ ਉੱਪਰ ਕਾਰਪੋਰੇਟਾਂ ਦਾ ਕਬਜ਼ਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸੇ ਤਰ੍ਹਾਂ ਦੁਕਾਨਦਾਰੀ ਅਤੇ ਛੋਟੇ ਵਪਾਰ ਉੱਪਰ ਵੱਡੇ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਕਰਵਾਉਣ ਦੀ ਸਰਕਾਰਾਂ ਦੀ ਤਿਆਰੀ ਹੈ। ਜਿਸ ਕਰਕੇ ਹੁਣ ਚੋਣਾਂ ਦੇ ਮਾਹੌਲ ਵਿੱਚ ਵਪਾਰੀ ਅਤੇ ਦੁਕਾਨਦਾਰ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਇਹਨਾਂ ਸਿਆਸੀ ਪਾਰਟੀਆਂ ਨੂੰ ਸਵਾਲ ਕਰ ਸਕਣ। ਉਹਨਾਂ ਕਿਹਾ ਕਿ ਦੇਸ਼ ਅਤੇ ਪੰਜਾਬ ਵਿੱਚ ਬਣ ਰਹੇ ਵੱਡੇ ਹਾਈਵੇਜ਼ ਅਤੇ ਵੱਡੇ ਮੌਲ ਬਣਨ ਜਾ ਰਹੇ ਹਨ, ਜੋ ਛੋਟੀ ਦੁਕਾਨਦਾਰੀ ਅਤੇ ਵਪਾਰ ਦਾ ਖਾਤਮਾ ਕਰ ਦੇਣਗੇ। ਜਿਸ ਕਰਕੇ ਹੁਣ ਸਾਡੇ ਵਪਾਰੀ ਅਤੇ ਦੁਕਾਨਦਾਰ ਭਰਾਵਾਂ ਨੂੰ ਜਾਗਰੂਕ ਹੋ ਕੇ ਸਰਕਾਰਾਂ ਨੂੰ ਸਵਾਲ ਕਰਨ ਦੀ ਲੋੜ ਹੈ।
ਉਹਨਾਂ ਕਿਹਾ ਕਿ ਪਹਿਲਾਂ ਇਹ ਸੰਘਰਸ਼ ਸਿਰਫ ਕਿਸਾਨ ਅਤੇ ਮਜ਼ਦੂਰ ਹੀ ਲੜ ਰਹੇ ਸਨ। ਜੇਕਰ ਪੰਜਾਬ ਦੀ ਖੇਤੀ ਅਤੇ ਕਿਸਾਨੀ ਤਬਾਹ ਹੁੰਦੀ ਹੈ ਤਾਂ ਇਸਦਾ ਸਿੱਧਾ ਅਸਰ ਪੰਜਾਬ ਦੇ ਵਪਾਰ ਅਤੇ ਦੁਕਾਨਦਾਰੀ ਉੱਪਰ ਪਵੇਗਾ। ਜਿਸ ਨਾਲ ਛੋਟੇ ਦੁਕਾਨਦਾਰ ਅਤੇ ਵਪਾਰੀ ਵੀ ਖਤਮ ਹੋ ਜਾਣਗੇ। ਇਸ ਕਰਕੇ ਹੁਣ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇੱਕਜੁੱਟ ਹੋ ਕੇ ਕਿਸਾਨਾਂ ਦੇ ਇਸ ਕਾਰਪੋਰੇਟ ਵਿਰੋਧੀ ਸੰਘਰਸ਼ ਵਿੱਚ ਸਾਥ ਦੇਣ ਦੀ ਲੋੜ ਹੈ।