ਮਜ਼ਦੂਰਾਂ ਨੇ ਲਾਇਆ ਦਾਣਾ ਮੰਡੀ ਵਿਚ ਧਰਨਾ ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੀ ਦਾਣਾ ਮੰਡੀ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਥਿਤ ਤੌਰ 'ਤੇ ਇੱਕ ਕਿਸਾਨ ਵੱਲੋਂ ਮਜ਼ਦੂਰ ਨਾਲ ਹੱਥੋਪਾਈ ਕਰਦਿਆਂ ਥੱਪੜ ਤੱਕ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਇਕੱਠੇ ਮਜ਼ਦੂਰਾਂ ਵਲੋਂ ਲੇਬਰ ਯੂਨੀਅਨ ਦੀ ਅਗਵਾਈ ਵਿਚ ਧਰਨਾ ਲਗਾ ਦਿੱਤਾ ਗਿਆ। ਸੀਜਨ ਦੀ ਸ਼ੁਰੂਆਤ ਵਿਚ ਹੀ ਕੰਮ ਛੱਡ ਕੇ ਲੇਬਰ ਵੱਲੋਂ ਇਸ ਮਾਮਲੇ ਵਿਚ ਸਬੰਧਿਤ ਕਿਸਾਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮਜ਼ਦੂਰਾਂ ਨੇ ਕੰਮ ਛੱਡ ਲਾਇਆ ਧਰਨਾ:ਜਿਸ ਤੋਂ ਬਾਅਦ ਦਾਣਾ ਮੰਡੀ ਮਜ਼ਦੂਰ ਯੂਨੀਅਨ ਦੇ ਸਮੁੱਚੇ ਵਰਕਰ ਕੰਮਕਾਰ ਛੱਡ ਕੇ ਔਰਤਾਂ ਸਮੇਤ ਸੜਕਾਂ 'ਤੇ ਉਤਰ ਆਏ ਤੇ ਮੰਡੀ ਨੂੰ ਜਾਣ ਵਾਲੀ ਮੇਨ ਸੜਕ 'ਤੇ ਜਾਮ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਥੇ ਹੀ ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜ਼ਾਂਚ ਉਪਰੰਤ ਠੋਸ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਾਕਾ ਉੜਾਂਗ ਤੇ ਮੰਡੀ ਦੇ ਹੋਰ ਮੋਹਤਬਾਰ ਵਿਅਕਤੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਜ਼ਦੂਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਮਜ਼ਦੂਰ ਵਰਗ ਦੇ ਨਾਲ ਖੜ੍ਹੇ ਹਨ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਉਣ ਤੋਂ ਬਾਅਦ ਇਨਸਾਫ਼ ਜ਼ਰੂਰ ਦਿੱਤਾ ਜਾਵੇਗਾ।
ਕਿਸਾਨ ਖਿਲਾਫ਼ ਕਾਰਵਾਈ ਦੀ ਕੀਤੀ ਮੰਗ: ਇਸ ਮਾਮਲੇ ਸਬੰਧੀ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਪੀੜਤ ਮਜ਼ਦੂਰ ਦਾ ਕਹਿਣਾ ਹੈ ਕਿ ਉਹ ਮੰਡੀ ਵਿਚ ਕਣਕ ਦੀ ਫਸਲ ਇੱਕ ਟਰਾਲੀ ਤੋਂ ਲੁਹਾ ਰਹੇ ਸਨ ਕਿ ਇੱਕ ਕਿਸਾਨ ਨੇ ਮਾਮੂਲੀ ਗੱਲਬਾਤ ਨੂੰ ਲੈ ਕੇ ਮਜ਼ਦੂਰ ਨਾਲ ਗਲਤ ਵਿਵਹਾਰ ਕਰਦਿਆਂ ਉਸਦੇ ਥੱਪੜ ਮਾਰਿਆ। ਜਿਸ ਉਪਰੰਤ ਉਸ ਨੇ ਆਪਣੀ ਪਾਵਰ ਦੀ ਵਰਤੋਂ ਕਰਦਿਆਂ ਪੁਲਿਸ ਬੁਲਾ ਕੇ ਮਜ਼ਦੂਰ ਦੇ ਵਿਰੁੱਧ ਹੀ ਕਾਰਵਾਈ ਕਰਨ ਲਈ ਆਖਿਆ। ਇਸ ਮਾਮਲੇ ਵਿਚ ਜਦ ਮਜ਼ਦੂਰ ਯੂਨੀਅਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੰਡੀ ਵਿਚ ਧਰਨਾ ਲਾਇਆ ਅਤੇ ਮੰਗ ਕੀਤੀ ਕਿ ਮਜ਼ਦੂਰ ਦੇ ਨਾਲ ਹੱਥੋਪਾਈ ਕਰਨ ਵਾਲੇ ਕਿਸਾਨ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀੱ ਕੀਤਾ ਜਾਂਦਾ ਤਾਂ ਇਹ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ।
ਪੁਲਿਸ ਨੇ ਜਾਂਚ ਦੀ ਆਖੀ ਗੱਲ: ਉਧਰ ਇਸ ਮਾਮਲੇ ਵਿਚ ਸਬੰਧਿਤ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਜ਼ਦੂਰ ਵੱਲੋਂ ਉਹਨਾਂ ਨੂੰ ਲਿਖਤੀ ਸਿਕਾਇਤ ਇੱਕ ਕਿਸਾਨ ਵਿਰੁੱਧ ਦਿੱਤੀ ਗਈ ਹੈ। ਜਿਸ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਮਾਮਲੇ ਵਿਚ ਦਾਣਾ ਮੰਡੀ ਵਿਚ ਧਰਨਾ ਲਾ ਕੇ ਬੈਠੇ ਮਜ਼ਦੂਰਾਂ ਨੇ ਜੋਰਦਾਰ ਨਾਅਰੇਬਾਜ਼ੀ ਕੀਤੀ। ਉਥੇ ਹੀ ਧਰਨੇ ਦੌਰਾਨ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।