ਮੰਡੀ ਬੋਰਡ ਦੇ ਪ੍ਰਧਾਨ ਹਰਚੰਦ ਸਿੰਘ ਨੇ ਝੋਨੇ ਦੀ ਫੀਸ ਤੋਂ ਬਗੈਰ ਝੋਨਾ ਵੇਚਣ ਦੇ ਦੋਸ਼ਾਂ 'ਤੇ ਦਿੱਤੀ ਪ੍ਰਤੀਕ੍ਰਿਆ (ਸ੍ਰੀ ਮੁਕਤਸਰ ਸਾਹਿਬ -ਪੱਤਰਕਾਰ) ਸ੍ਰੀ ਮੁਕਤਸਰ ਸਾਹਿਬ :ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਮੰਡੀ ਬੋਰਡ ਵੱਲੋਂ ਪੌਦੇ ਲਗਾਉਣ ਦੀ ਚਲਾਈ ਮੁਹਿੰਮ ਤਹਿਤ ਪੌਦੇ ਲਗਾਏ। ਸ੍ਰੀ ਮੁਕਤਸਰ ਸਾਹਿਬ ਦੇ ਮਾਰਕਿਟ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਵਿਚ ਪੌਦੇ ਲਾਏ ਜਾ ਰਹੇ ਹਨ।
ਬਿਨ੍ਹਾਂ ਸਿਰ ਪੈਰ ਦੀਆਂ ਗੱਲਾਂ:ਉਧਰ ਜਦ ਪੱਤਰਕਾਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ 'ਚ ਸੱਠੇ ਝੋਨੇ ਦੀ ਖਰੀਦ ਦੌਰਾਨ ਮਾਰਕਿਟ ਕਮੇਟੀ ਫੀਸ ਦੀ ਚੋਰੀ ਦੀਆਂ ਕਥਿਤ ਚਰਚਾਵਾਂ ਸਬੰਧੀ ਸਵਾਲ ਪੁੱਛਿਆ ਤਾਂ ਚੇਅਰਮੈਨ ਨੇ ਕਿਹਾ ਕਿ ਇਹ ਬਿਨ੍ਹਾਂ ਸਿਰ ਪੈਰ ਦੀਆਂ ਗੱਲਾਂ ਹਨ। ਜੇਕਰ ਕਿਸੇ ਤਰ੍ਹਾਂ ਦਾ ਕੋਈ ਸਬੂਤ ਹੈੈ ਤਾਂ ਸਾਹਮਣੇ ਲਿਆਂਦਾ ਜਾਵੇ, ਅਸੀਂ ਸਬੂਤਾਂ ਤਹਿਤ ਕਾਰਵਾਈ ਕਰਾਂਗੇ। ਉਹਨਾਂ ਨੂੰ ਦੱਸਿਆ ਗਿਆ ਕਿ ਮੰਡੀ 'ਚ ਇਹ ਖੂਬ ਚਰਚਾਵਾਂ ਹਨ ਤਾਂ ਉਹਨਾਂ ਕਿਹਾ ਕਿ ਸੁਣੀਆਂ ਸੁਣਾਈਆਂ ਗੱਲਾਂ ਦੇ ਤੱਥ ਨਹੀਂ ਹੁੰਦੇ। ਦਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਖੇਤਰ ਵਿਚ ਵੱਡੀ ਮਾਤਰਾ ਵਿਚ ਸੱਠੇ ਝੋਨੇ ਦੀ ਖੇਤੀ ਹੁੰਦੀ ਹੈ ਅਤੇ ਇਸ ਵਾਰ ਵੀ ਸੱਠਾ ਝੋਨੇ ਵੱਡੇ ਖੇਤਰ ਵਿਚ ਬੀਜਿਆਂ ਗਿਆ ਪਰ ਮਾਰਕਿਟ ਕਮੇਟੀ ਅਨੁਸਾਰ ਸੱਠੇ ਝੋਨੇ ਦੀ ਖਰੀਦ ਅਜੇ ਬਹੁਤ ਘੱਟ ਹੋਈ ਹੈ, ਜਿਸ ਕਾਰਨ ਉਕਤ ਚਰਚਾਵਾਂ ਦਾ ਜਨਮ ਲੈਣਾ ਜਰੂਰੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਕਿਉਂਕਿ ਦਿਨ-ਪ੍ਰਤੀ-ਦਿਨ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਬਰਫ਼ ਪਿਘਲ ਰਹੀ ਹੈ। ਵੱਧਦੀ ਗਰਮੀ ਨੇ ਲੋਕਾਂ ਦਾ ਜਿੰਦਗੀ ਮੁਹਾਲ ਕੀਤੀ ਹੋਈ ਹੈ। ਇਸ ਲਈ ਸਾਨੂੰ ਆਪਣਾ ਵਾਤਾਵਰਣ ਸਾਫ਼ ਅਤੇ ਸ਼ੁੱਧ ਰੱਖਣਾ ਚਾਹੀਦਾ ਹੈ। ਇਸ ਦੇ ਲਈ ਜਿਆਦਾ ਤੋਂ ਜਿਆਦਾ ਬੂਟੇ ਲਗਾਉਣ ਦੀ ਲੋੜ ਹੈ। ਕਿਉੰਕਿ ਜੀਵਨ ਤੇ ਰੁੱਖਾਂ ਦਾ ਸਬੰਧ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਦੇਖ-ਰੇਖ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਰਹਿ ਸਕੇ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 30 ਹਜਾਰ ਬੂਟੇ ਲਗਾਉਣ ਦੇ ਆਪਣੇ ਟੀਚੇ ਨੂੰ ਪਾਰ ਕਰਦਿਆਂ ਹੋਇਆ 33000 ਤੋਂ ਵੱਧ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ, ਕਿਸਾਨਾਂ ਆਦਿ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।