ਬਠਿੰਡਾ: ਬੀਤੀ 23 ਜਨਵਰੀ ਨੂੰ ਬਠਿੰਡਾ ਦੀ ਇੱਕ ਕਲੋਨੀ 'ਚ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਮੁਲਜ਼ਮ ਦੋਸਤ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਰਾਮਸਰਾ ਵਿਖੇ ਕਲੋਨੀ ਵਿੱਚ ਰਹਿੰਦੇ ਵਿਅਕਤੀ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਸਾਥੀ ਜਗਾਤਾਰ ਸਿੰਘ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਰਾਬ ਦੇ ਨਸ਼ੇ 'ਚ ਕੀਤਾ ਕਤਲ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਜਗਤਾਰ ਸਿੰਘ ਅਤੇ ਮ੍ਰਿਤਕ ਮਲਕੀਤ ਸਿੰਘ ਇੱਕ ਦਿਨ ਪਹਿਲਾਂ ਮਿਲੇ ਸਨ ਅਤੇ ਦੋਵਾਂ ਨੇ ਇੱਕਠੇ ਬੈਠ ਕੇ ਸ਼ਰਾਬ ਪੀਤੀ। ਇਸ ਮੌਕੇ ਕਥਿਤ ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਹੀ ਸਾਥੀ ਦਾ ਇੱਟ ਮਾਰ ਕੇ ਕਤਲ ਕਰ ਕਰ ਦਿੱਤਾ ਅਤੇ ਬੜੀ ਹੀ ਹੁਸ਼ਿਆਰੀ ਨਾਲ ਉਸ ਦੀ ਲਾਸ਼ ਨੂੰ ਹੋਰ ਜਗ੍ਹਾ 'ਤੇ ਘੜੀਸ ਕੇ ਸੁੱਟ ਦਿੱਤਾ। ਇੰਨ੍ਹਾਂ ਹੀ ਨਹੀਂ ਮੁਲਜ਼ਮ ਨੇ ਲੋਕਾਂ ਨੂੰ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਰਾਮਾ ਮੰਡੀ ਥਾਣਾ ਦੇ ਮੁੱਖ ਅਫਸਰ ਇੰਸਪੈਕਟਰ ਤਰਨਦੀਪ ਸਿੰਘ ਅਤੇ ਇੰਚਾਰਜ ਪੁਲਿਸ ਚੌਕੀ ਰਿਫਾਇਨਰੀ ਏਐੱਸਆਈ ਰਵਨੀਤ ਸਿੰਘ ਨੇ ਇਸ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਕਤਲ ਹੋਣ ਤੋਂ ਤਿੰਨ ਘੰਟੇ ਦੇ ਅੰਦਰ ਅੰਦਰ ਮੁਲਜ਼ਮ ਨੂੰ ਕਾਬੂ ਕਰ ਲਿਆ।
ਕਾਤਲ ਨੇ ਕੀਤਾ ਕਬੂਲਨਾਮਾ
ਪੁਲਿਸ ਮੁਤਾਬਿਕ ਪੁੱਛਗਿੱਛ ਮੁਲਜ਼ਮ ਨੇ ਆਪ ਵੀ ਮਲਕੀਤ ਸਿੰਘ ਦੇ ਕਤਲ ਦਾ ਕਬੂਲਨਾਮਾ ਕੀਤਾ ਹੈ ਅਤੇ ਦੱਸਿਆ ਕਿ ਦੋਵਾਂ ਨੇ ਰਲ ਕੇ ਸ਼ਰਾਬ ਪੀਤੀ ਸੀ ਅਤੇ ਇੱਕਠੇ ਹੀ ਉਸ ਦੇ ਘਰ ਸੌਂ ਗਏ ਸਨ। ਜਿੱਥੇ ਰਾਤ ਸਮੇਂ ਮਲਕੀਤ ਸਿੰਘ ਮ੍ਰਿਤਕ ਅਚਾਨਕ ਉਸ ਨੂੰ ਗਾਲਾਂ ਕੱਢਣ ਲੱਗਾ। ਜਿਸ ਨੂੰ ਰੋਕਣ ਦੀ ਬਹੁਤ ਕੋਸ਼ਿਸ ਕੀਤੀ ਪਰ ਉਹ ਨਹੀਂ ਰੁੱਕਿਆ। ਇਸ ਦੌਰਾਨ ਉਸ ਨੇ ਗੁੱਸੇ ਵਿੱਚ ਕੋਲ ਪਿਆ ਇੱਟ ਦਾ ਡਲਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਮੁਤਾਬਿਕ ਫਿਲਹਾਲ ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਇੱਕਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਾਂ ਫਿਰ ਕੋਈ ਹੋਰ ਵੀ ਇਸ ਵਾਰਦਾਤ 'ਚ ਸ਼ਾਮਿਲ ਹੈ।