ਚੰਡੀਗੜ੍ਹ: ਪੰਜਾਬੀ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਨਵੀਂ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ, ਇਸ ਫਿਲਮ ਵਿੱਚ ਅਦਾਕਾਰ ਸਿੰਮੀ ਚਾਹਲ ਨਾਲ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ। ਇਹ ਫਿਲਮ 7 ਫ਼ਰਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਹੁਣ ਇਸ ਫਿਲਮ ਦੇ ਪ੍ਰਮੋਸ਼ਨ ਵਜੋਂ ਗਾਇਕ ਸਤਿੰਦਰ ਸਰਤਾਜ ਇੱਕ ਇੰਟਰਵਿਊ ਵਿੱਚ ਪਹੁੰਚੇ, ਜਿੱਥੇ ਗਾਇਕ ਨੇ ਆਪਣੇ ਜ਼ਿੰਦਗੀ ਨਾਲ ਸੰਬੰਧਿਤ ਕਈ ਗੱਲਾਂ ਸਾਂਝੀਆਂ ਕੀਤੀਆਂ, ਇਸ ਦੌਰਾਨ ਹੀ ਗਾਇਕ ਨੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਂਝੀ ਕੀਤੀ।
ਜੀ ਹਾਂ...ਇੰਟਰਵਿਊ ਦੌਰਾਨ ਗਾਇਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ 'ਹਿਮਾਇਤ' ਗਾਣਾ ਆਇਆ ਸੀ ਤਾਂ ਗੀਤ ਕਾਰਨ ਗੁਰਦਾਸਪੁਰ ਦੇ ਰਹਿਣ ਵਾਲੇ ਮਾਪਿਆਂ ਨੂੰ ਉਨ੍ਹਾਂ ਦਾ ਬੱਚਾ ਮਿਲਿਆ ਸੀ, ਅਸਲ ਵਿੱਚ ਉਨ੍ਹਾਂ ਦਾ ਬੱਚਾ ਗੁਆਚਿਆ ਹੋਇਆ ਸੀ, ਪਰਿਵਾਰ ਨੇ ਬੱਚੇ ਨੂੰ ਗੀਤ ਦੀ ਵੀਡੀਓ ਵਿੱਚ ਦੇਖਿਆ ਜੋ ਕਿ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਵਿੱਚ ਸ਼ੂਟ ਕੀਤੀ ਗਈ, ਇਸ ਵੀਡੀਓ ਨੂੰ ਦੇਖ ਕੇ ਪਰਿਵਾਰ ਨੂੰ ਉਨ੍ਹਾਂ ਦਾ ਬੱਚਾ ਮਿਲਿਆ। ਇਸ ਦੌਰਾਨ ਗਾਇਕ ਨੇ ਇਹ ਵੀ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸ਼ਬਾਬ ਸੀ।
ਗਾਇਕ ਦੀ ਫਿਲਮ 'ਹੁਸ਼ਿਆਰ ਸਿੰਘ' ਬਾਰੇ
ਸਤਿੰਦਰ ਸਰਤਾਜ ਦੀ ਆਉਣ ਵਾਲੀ ਫਿਲਮ 'ਹੁਸ਼ਿਆਰ ਸਿੰਘ' ਸਕੂਲੀ ਪੜ੍ਹਾਈ ਉਤੇ ਕੇਂਦਰਿਤ ਹੈ, ਜਿਸ ਵਿੱਚ ਪੜ੍ਹਾਈ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਸ਼ਾਨਦਾਰ ਮੁੱਦਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਦੇ ਟ੍ਰੇਲਰ ਵਿੱਚ ਸ਼ਾਮਿਲ ਕੀਤੇ ਡਾਇਲਾਗ ਕਾਫੀ ਸ਼ਾਨਦਾਰ ਹਨ।
ਉਲੇਖਯੋਗ ਹੈ ਕਿ 'ਹੁਸ਼ਿਆਰ ਸਿੰਘ' ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ ਹੈ, ਜਿਸ ਵਿੱਚ 85 ਤੋਂ ਜਿਆਦਾ ਅਦਾਕਾਰਾਂ ਨੂੰ ਇੱਕਠੇ ਲਿਆ ਗਿਆ ਹੈ। ਇਸ ਫਿਲਮ ਦਾ ਲੇਖਨ ਜਗਦੀਪ ਵੜਿੰਗ ਅਤੇ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਨੇ ਕੀਤਾ ਹੈ।
ਫਿਲਮ ਵਿੱਚ ਸਤਿੰਦਰ ਸਰਤਾਜ-ਸਿੰਮੀ ਚਾਹਲ ਤੋਂ ਇਲਾਵਾ ਰਾਣਾ ਰਣਬੀਰ, ਮਲਕੀਤ ਰੌਣੀ, ਬੀਐਨ ਸ਼ਰਮਾ, ਸਰਦਾਰ ਸੋਹੀ, ਸੀਮਾ ਕੌਸ਼ਲ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਨੇਹਾ ਦਿਆਲ, ਸੁਖਵਿੰਦਰ ਰਾਜ, ਬੱਲੀ ਬਲਜੀਤ, ਸੰਜੂ ਸੋਲੰਕੀ, ਦੀਪਕ ਨਿਆਜ਼, ਨਵਦੀਪ ਕਲੇਰ, ਪਵਨ ਜੌਹਲ, ਮੰਜੂ ਮਾਹਲ, ਜਗਤਾਰ ਔਲਖ ਵਰਗੇ ਸ਼ਾਨਦਾਰ ਅਦਾਕਾਰ ਹਨ। ਫਿਲਮ 7 ਫਰਵਰੀ 2025 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਇਹ ਵੀ ਪੜ੍ਹੋ: