ਲੁਧਿਆਣਾ: ਜ਼ਿਲ੍ਹੇ ਦਾ ਹਲਵਾਰਾ ਏਅਰਪੋਰਟ 50 ਲੱਖ ਦੀ ਆਬਾਦੀ ਵਾਲੇ ਸ਼ਹਿਰ ਲੁਧਿਆਣਾ ਲਈ ਡਰੀਮ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਸਾਲ 2021 ਦੇ ਵਿੱਚ ਸ਼ੁਰੂ ਹੋਇਆ ਸੀ, ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਹ ਪੂਰਾ ਨਹੀਂ ਹੋ ਸਕਿਆ ਹੈ। ਇਮਾਰਤ ਦਾ ਕੰਮ ਅਤੇ ਰਨਵੇ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਪਰ ਵਿਭਾਗ ਵੱਲੋਂ ਹਾਲੇ ਤੱਕ ਏਅਰ ਇੰਡੀਆ ਉਡਾਨਾ ਸ਼ੁਰੂ ਕਰਨ ਦੀ ਫਿਲਹਾਲ ਪਰਮਿਸ਼ਨ ਦੇਣੀ ਬਾਕੀ ਹੈ। ਪਹਿਲੇ ਫੇਸ ਦੇ ਤਹਿਤ 2 ਏਅਰ ਇੰਡੀਆ ਦੀਆਂ ਫਲਾਈਟਾਂ ਇਥੋਂ ਸ਼ੁਰੂ ਹੋਣਗੀਆਂ। ਲੁਧਿਆਣਾ ਦੇ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਮਹੀਨੇ 2 ਮਹੀਨੇ ਦੇ ਵਿੱਚ ਹੁਣ ਕੰਮ ਪੂਰਾ ਹੋ ਜਾਵੇਗਾ। ਨਵੀਂ ਡੈਡਲਾਈਨ 31 ਮਾਰਚ 2025 ਦੀ ਆਈ ਹੈ। ਹਾਲਾਂਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ 2024 ਦੇ ਅੰਤ ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ।
10 ਡੈਡਲਾਈਨ ਲੰਘਣ ਦੇ ਬਾਵਜੂਦ ਨਹੀਂ ਪੂਰਾ ਹੋਇਆ ਹਲਵਾਰਾ ਏਅਰਪੋਰਟ (Etv Bharat) ਨਿਕਲੀਆਂ ਕਈ ਡੈਡਲਾਈਨ:
ਇਸ ਤੋਂ ਪਹਿਲਾਂ ਇਸ ਏਅਰਪੋਰਟ ਦੇ ਮੁਕੰਮਲ ਹੋਣ ਦੀਆਂ 10 ਤੋਂ ਵੱਧ ਡੈਡਲਾਈਨ ਨਿਕਲ ਚੁੱਕੀਆਂ ਹਨ। 50 ਕਰੋੜ ਰੁਪਏ ਇਸ ਪ੍ਰੋਜੈਕਟ ਦੇ ਪੂਰਾ ਕਰਨ ਲਈ ਹਾਲੇ ਹੋਰ ਆਉਣੇ ਹਨ, ਜਿਸ ਦੀ ਹਾਲੇ ਤੱਕ ਉਡੀਕ ਹੋ ਰਹੀ ਹੈ। 50 ਲੱਖ ਆਬਾਦੀ ਵਾਲੇ ਸ਼ਹਿਰ ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਇੰਡਸਟਰੀ ਹੈ ਜਿਸ ਨੂੰ ਇਸਦੀ ਬੇਹਦ ਲੋੜ ਹੈ। ਇਸ ਸਬੰਧੀ ਅਸੀਂ ਲੁਧਿਆਣਾ ਦੇ ਆਲ ਇੰਡੀਆ ਇੰਡਸਟਰੀ ਫੋਰਮ ਦੇ ਪ੍ਰਧਾਨ ਬਾਤਿਸ਼ ਜਿੰਦਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਅਸੀਂ ਇਸ ਦੀ ਡੈਡਲਾਈਨ ਸੁਣਦੇ ਆ ਰਹੇ ਹਨ, ਪਰ ਹਾਲੇ ਤੱਕ ਕੰਮ ਮੁਕੰਮਲ ਨਹੀਂ ਹੋ ਸਕਿਆ ਹੈ। ਕਿਤੇ ਨਾ ਕਿਤੇ ਫੰਡ ਦੀ ਕਮੀ ਕਰਕੇ ਕੰਮ ਦੇ ਵਿੱਚ ਦੇਰੀ ਹੋਈ ਹੈ। ਇਹ ਬਹੁਤ ਜਿਆਦਾ ਜਰੂਰੀ ਹੈ ਕਿਉਂਕਿ ਲੁਧਿਆਣਾ ਇੰਡਸਟਰੀ ਦਾ ਹੱਬ ਹੈ ਅਤੇ ਇੱਥੇ ਸਾਡੇ ਖਰੀਦਦਾਰ ਦੂਰ ਦੁਰਾਡੇ ਤੋਂ ਆਉਂਦੇ ਹਨ। ਅਜਿਹੇ ਦੇ ਵਿੱਚ ਉਹਨਾਂ ਨੂੰ ਚੰਡੀਗੜ੍ਹ ਜਾਂ ਅੰਮ੍ਰਿਤਸਰ ਫਲਾਈਟ ਲੈ ਕੇ ਆਉਣਾ ਪੈਂਦਾ ਹੈ ਅਤੇ ਅੱਗੇ ਲੁਧਿਆਣਾ ਪਹੁੰਚਣ ਲਈ ਉਹਨਾਂ ਨੂੰ ਕਾਫੀ ਖੱਜਲ ਹੋਣਾ ਪੈਂਦਾ ਹੈ।
31 ਮਾਰਚ 2025 ਨਵੀਂ ਡੈਡਲਾਈਨ:
ਇਸ ਸਬੰਧੀ ਜਦੋਂ ਅਸੀਂ ਇਸ ਪ੍ਰੋਜੈਕਟ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ 90 ਫੀਸਦੀ ਤੋਂ ਵੱਧ ਕੰਮ ਪੂਰਾ ਹੋ ਚੁੱਕਾ ਹੈ। ਰਨਵੇ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਇਮਾਰਤ ਬਣ ਚੁੱਕੀ ਹੈ। ਬਸ ਹੁਣ ਏਅਰ ਇੰਡੀਆ ਵੱਲੋਂ ਹਰੀ ਝੰਡੀ ਦਿੱਤੀ ਜਾਣੀ ਹੈ, ਜਿਸ ਤੋਂ ਬਾਅਦ ਵਿਭਾਗ ਵੱਲੋਂ ਕੁਝ ਫੋਰਮੈਲਟੀ ਪੂਰੀ ਕਰਨ ਤੋਂ ਬਾਅਦ ਇੱਥੋਂ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਹੁਣ ਇੱਕ ਮਹੀਨਾ ਵੀ ਲੱਗ ਸਕਦਾ ਜਾਂ 2 ਮਹੀਨੇ ਦੇ ਵਿੱਚ ਕੰਮ ਪੂਰਾ ਹੋ ਸਕਦਾ ਹੈ। ਉੱਥੇ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਵੀ ਦਾਅਵਾ ਕੀਤਾ ਹੈ ਕਿ ਜਲਦ ਹੀ ਕੰਮ ਮੁਕੰਮਲ ਹੋ ਜਾਵੇਗਾ।
ਕੰਮ ਲਗਭਗ ਮੁਕੰਮਲ:
ਇਸ ਦੇ ਨਾਲ ਹੀ ਹਵਾਈ ਫੌਜ ਦਾ ਵੀ ਵੱਡਾ ਯੋਗਦਾਨ ਰਿਹਾ ਹੈ, ਰਨਵੇ ਉਹਨਾਂ ਨਾਲ ਸਾਂਝਾ ਕੀਤਾ ਗਿਆ ਹੈ। ਸੁਰੱਖਿਆ ਉਪਕਰਨਾ ਦਾ ਕੰਮ ਜਨਵਰੀ 2025 ਤੱਕ ਪੂਰਾ ਹੋ ਜਾਵੇਗਾ। ਇਹ ਏਅਰਪੋਰਟ ਸਿਰਫ ਲੁਧਿਆਣਾ ਨਹੀਂ ਸਗੋਂ ਪੂਰੇ ਮਾਲਵੇ ਖੇਤਰ ਦੇ ਲਈ ਇੱਕ ਅਹਿਮ ਪ੍ਰੋਜੈਕਟ ਹੈ। ਜੋ ਕਿ ਮਾਲਵੇ ਦੇ ਨਾਲ ਦੁਆਬੇ ਦੇ ਕਈ ਇਲਾਕਿਆਂ ਨੂੰ ਹਵਾਈ ਸੇਵਾਵਾਂ ਪ੍ਰਦਾਨ ਕਰੇਗਾ। ਏਅਰਪੋਰਟ ਤੇ ਕਾਰਗੋ ਟਰਮੀਨਲ ਵੀ ਬਣਾਇਆ ਜਾ ਰਿਹਾ ਹੈ ਜਿਸ ਨਾਲ ਲੁਧਿਆਣਾ ਦੀ ਇੰਡਸਟਰੀ ਨੂੰ ਕਾਫੀ ਬੂਸਟ ਮਿਲੇਗਾ।
ਬਾਤਿਸ਼ ਜਿੰਦਲ (Etv Bharat) ਅਪਰੂਵਲ ਦੀ ਉਡੀਕ:
ਰਾਜ ਸਭਾ ਮੈਂਬਰ ਨੇ ਕਿਹਾ ਹੈ ਕਿ ਏਅਰਲਾਈਨ ਦਾ ਅਰੇਂਜਮੈਂਟ ਕਰਨਾ ਹੈ, ਉਹਨਾਂ ਦੀ ਏਅਰਪੋਰਟ ਅਥੋਰਿਟੀ ਦੇ ਵਾਈਸ ਪ੍ਰੈਜੀਡੈਂਟ ਦੇ ਨਾਲ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਏਅਰਪੋਰਟ ਅਥੋਰਿਟੀ ਆਫ ਇੰਡੀਆ ਅਤੇ ਏਅਰ ਫੋਰਸ ਅਥੋਰਟੀ ਆਫ ਇੰਡੀਆ ਦੀ ਅਪਰੂਵਲ ਹੋਣੀ ਹੈ। ਉਹ ਬੀਤੇ ਦਿਨ ਹੀ ਕੇਂਦਰੀ ਰੱਖਿਆ ਮੰਤਰੀ ਨੂੰ ਵੀ ਮਿਲੇ ਸਨ, ਜਿਨ੍ਹਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ। ਉਹਨਾਂ ਨੇ ਇੱਕ ਪੱਤਰ ਵੀ ਅੱਗੇ ਲਿਖਿਆ ਹੈ ਤਾਂ ਜੋ ਇਸ ਨੂੰ ਪੂਰਾ ਕੀਤਾ ਜਾ ਸਕੇ। ਡੀਸੀ ਨੇ ਕਿਹਾ ਕਿ ਲੋਕਲ ਬੋਡੀ ਮਨਿਸਟਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਉੱਤੇ ਵੇਖ ਕੇ ਆਏ ਹਨ। ਸਾਰੇ ਕੰਮ ਨਿਯਮਾਂ ਦੀ ਪਾਲਣਾ ਦੇ ਨਾਲ ਹੁੰਦੇ ਹਨ ਇਸ ਕਰਕੇ ਇਸ ਦੇ ਵਿੱਚ ਕੁਝ ਦੇਰੀ ਜਰੂਰ ਆ ਰਹੀ ਹੈ ਪਰ ਕੰਮ ਜਲਦ ਮੁਕੰਮਲ ਹੋ ਜਾਵੇਗਾ।