ਲੁਧਿਆਣਾ: 2024 ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਹਨ। ਉੱਥੇ ਹੀ ਲੁਧਿਆਣਾ ਪ੍ਰਸ਼ਾਸਨ ਵੱਲੋਂ ਵੀ ਚੋਣਾਂ ਦੇ ਮੱਦੇ ਨਜ਼ਰ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਅਸਲਾ ਜਮ੍ਹਾਂ ਕਰਵਾਉਣ। ਕੋਡ ਆਫ ਕੰਡਕਟ ਲੱਗਣ ਨਾਲ ਅਸਲਾ ਜਮਾ ਕਰਾਉਣਾ ਜ਼ਰੂਰੀ ਹੈ। ਜੇਕਰ ਕੋਈ ਅਸਲਾ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਦਾ ਲਾਈਸੈਂਸ ਵੀ ਕੈਂਸਲ ਹੋ ਸਕਦਾ ਹੈ।
100 ਫੀਸਦ ਅਸਲਾ ਜਮਾ ਕਰਵਾਉਣਾ ਜ਼ਰੂਰੀ: ਇਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅਸਲਾ ਬ੍ਰਾਂਚ ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਰੇਟ ਵਿੱਚ 16293 ਅਸਲਾ ਧਾਰਕ ਹਨ । ਜਿਨਾਂ ਕੋਲ 19447 ਅਸਲੇ ਹਨ। ਉਹਨਾਂ ਨੇ ਕਿਹਾ ਕਿ 2024 ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅਸਲਾ ਧਾਰਕਾਂ ਨੂੰ ਆਪਣੇ ਆਪਣੇ ਅਸਲੇ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਲੁਧਿਆਣਾ ਅਸਲਾ ਬ੍ਰਾਂਚ ਦੇ ਮੁਖੀ ਪਰਮਜੀਤ ਕੁਮਾਰ ਨੇ ਕਿਹਾ ਕਿ 100% ਅਸਲਾ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ।ਜੇਕਰ ਕੋਈ ਨਹੀਂ ਜਮ੍ਹਾਂ ਕਰਵਾਉਂਦਾ ਤਾਂ ਉਸ ਉੱਪਰ ਬਣਦੀ ਕਾਰਵਾਈ ਹੋਵੇਗੀ ਅਤੇ ਉਸਦਾ ਅਸਲਾ ਲਾਇਸੈਂਸ ਵੀ ਕੈਂਸਲ ਕੀਤਾ ਜਾਵੇਗਾ ।