ਤਰਨ ਤਾਰਨ: ਅਕਸਰ ਪੰਜਾਬ ਤੋਂ ਬਾਹਰ ਆਨਰ ਕਿਲਿੰਗ ਵਰਗੇ ਮਾਮਲੇ ਸੁਣਨ ਨੂੰ ਮਿਲਦੇ ਸੀ ਪਰ ਹੁਣ ਪੰਜਾਬ 'ਚ ਵੀ ਇਹ ਮਾਮਲੇ ਵੱਧਦੇ ਜਾ ਰਹੇ ਹਨ। ਇੰਨ੍ਹਾਂ ਮਾਮਲਿਆਂ 'ਚ ਜਾਂ ਤਾਂ ਮੁੰਡੇ ਕੁੜੀ ਦੋਵਾਂ ਦਾ ਕਤਲ ਕੀਤਾ ਜਾ ਰਿਹਾ ਹੈ, ਜਾਂ ਫਿਰ ਦੋਵਾਂ ਵਿਚੋਂ ਕਿਸੇ ਇੱਕ ਨੂੰ ਮਾਰਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਤਰਨ ਤਾਰਨ ਦੇ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲ ਗੱਡਾ ਤੋਂ ਸਾਹਮਣੇ ਆਇਆ ਹੈ, ਜਿਥੇ ਪਿੰਡ ਦੀ ਕੁੜੀ ਨਾਲ ਲਵ ਮੈਰਿਜ ਕਰਵਾਉਣੀ ਮੁੰਡੇ ਨੂੰ ਭਾਰੀ ਪੈ ਗਈ। ਇਸ ਦੇ ਚੱਲਦੇ ਕੁੜੀ ਦੇ ਪਰਿਵਾਰ ਵਲੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਪਰਿਵਾਰ ਵਲੋਂ ਆਪਣੀ ਕੁੜੀ ਤੇ ਉਸ ਦੇ ਸਹੁਰਾ ਪਰਿਵਾਰ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਲੜਕੀ ਨੇ ਪੇਕਾ ਪਰਿਵਾਰ 'ਤੇ ਲਾਏ ਦੋਸ਼: ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਤਾਏ, ਪਿਤਾ ਅਤੇ ਭਰਾ ਵਲੋਂ ਉਸ ਦੇ ਪਤੀ ਦਾ ਕਤਲ ਕਰਵਾਇਆ ਗਿਆ ਹੈ। ਕੁੜੀ ਨੇ ਦੱਸਿਆ ਕਿ ਉਸ ਦੇ ਪੇਕਾ ਪਰਿਵਾਰ ਵਲੋਂ ਪਹਿਲਾਂ ਵੀ ਸਹੁਰਾ ਪਰਿਵਾਰ ਦੇ ਘਰ 'ਤੇ ਹਮਲਾ ਕੀਤਾ ਗਿਆ ਸੀ ਪਰ ਉਸ ਸਮੇਂ ਸਭ ਦਾ ਬਚਾਅ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਪਰਿਵਾਰ ਵਲੋਂ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਦੇ ਚੁੱਕਾ ਹਾਂ ਪਰ ਪੁਲਿਸ ਮਿਲੀਭੁਗਤ ਨਾਲ ਕੰਮ ਕਰ ਰਹੀ ਤੇ ਸਾਡੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਨੇ ਕਿਹਾ ਕਿ ਉਸ ਦੇ ਤਾਏ, ਪਿਤਾ ਅਤੇ ਭਰਾ 'ਤੇ ਪੁਲਿਸ ਕਾਰਵਾਈ ਜ਼ਰੂਰ ਕਰੇ ਅਤੇ ਸਖ਼ਤ ਸਜ਼ਾ ਦੇਵੇ।