ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋ ਗਿਆ ਹੈ। ਇਸ ਵਿਚਾਲੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਆਪ ਨੂੰ ਘੇਰਦੇ ਨਜ਼ਰ ਆਏ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜਿਸ ਤੋਂ ਬਾਅਦ ਆਪ ਨੇ ਬਾਜਵਾ ਦੇ ਬਿਆਨ ਉੱਤੇ ਪਲਟਵਾਰ ਕੀਤਾ ਹੈ।
32 ਵਿਧਾਇਕਾਂ ਨਾਲ ਸੰਪਰਕ ਦੇ ਬਿਆਨ 'ਤੇ ਗਰਮਾਈ ਸਿਆਸਤ (Etv Bharat) ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਪੁੱਛਿਆ ਕਿ'ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੁਹਾਡੇ ਸੰਪਰਕ ਵਿੱਚ ਹਨ ?" ਜਿਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਜਿਸ ਤਰ੍ਹਾਂ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਪਹਿਲਾਂ ਤੋਂ ਬੁੱਕ ਕੀਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਕਾਂਗਰਸ ਨਾਲ 'ਆਪ' ਵਿਧਾਇਕਾਂ ਦੀ ਬੂਕਿੰਗ ਚੱਲ ਰਹੀ ਹੈ। ਦੱਸੇ ਗਏ ਸਾਰੇ ਨੰਬਰ ਸਾਡੇ ਕੋਲ ਹਨ ਮੈਂ ਨਾਂ ਨਹੀਂ ਦੱਸਾਂਗਾ।"
ਆਪ ਨੇ ਕੀਤਾ ਪਲਟਵਾਰ
ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦਾ ਜਵਾਬ ਦਿੰਦੇ ਹੋਏਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਸਣੇ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ 'ਆਪ' ਦੇ ਬੁਲਾਰੇ ਨੀਲ ਗਰਗ ਨੇ ਪਲਟਵਾਰ ਕੀਤੇ ਹਨ।
ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ "ਬਾਜਵਾ ਸਾਬ੍ਹ ਕੋਲ ਪੁਰਾਣੀਆਂ ਹੀ ਗੱਲਾਂ ਹਨ, ਉਨ੍ਹਾਂ ਦੇ ਆਪਣੇ ਪੱਲ੍ਹੇ ਕੁਝ ਵੀ ਨਹੀਂ ਹੈ ਉਹ ਪਹਿਲਾਂ ਆਪਣਾ ਆਪ ਨੂੰ ਸਾਂਭ ਲੈਣ"
‘ਬਾਜਵਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਲਗਭਗ ਤੈਅ’
ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ "ਬਾਜਵਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ। ਉਨ੍ਹਾਂ ਨੇ ਭਾਜਪਾ ਵਿੱਚ ਆਪਣੀ ਐਡਵਾਂਸ ਬੂਕਿੰਗ ਕਰਵਾ ਲਈ ਹੈ। ਮੈਂ ਰਾਹੁਲ ਗਾਂਧੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪ੍ਰਤਾਪ ਬਾਜਵਾ ਤੋਂ ਪੁੱਛਣ ਕਿ ਜਦੋਂ ਉਹ ਕੁਝ ਦਿਨ ਪਹਿਲਾਂ ਬੰਗਲੁਰੂ ਗਏ ਸਨ ਤਾਂ ਉਨ੍ਹਾਂ ਨੇ ਕੀ ਕੀਤਾ ਸੀ ਅਤੇ ਬਾਜਵਾ ਕਿਹੜੇ ਵੱਡੇ ਭਾਜਪਾ ਆਗੂਆਂ ਨੂੰ ਮਿਲੇ ਸਨ।"
ਆਪ ਬੁਲਾਰੇ ਨੇ ਸਾਧੇ ਨਿਸ਼ਾਨੇ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ "ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਕੋਲ ਆਪਣੀ ਟਿਕਟ ਪੱਕੀ ਕਰ ਲਈ ਹੈ, ਸਾਡੇ ਕੋਲ ਪੱਕੀਆਂ ਖ਼ਬਰਾਂ ਹਨ ਕਿ ਬਾਜਵਾ ਸਾਬ੍ਹ ਭਾਜਪਾ ਦੀਆਂ 12 ਪੌੜੀਆਂ ਚੜ੍ਹ ਚੁੱਕੇ ਹਨ ਅਤੇ ਹੁਣ ਸਿਰਫ਼ ਦਰਵਾਜ਼ਾ ਖੋਲ੍ਹਣਾ ਹੀ ਬਾਕੀ ਹੈ। ਬਾਜਵਾ ਕੱਲ੍ਹ ਬੰਗਲੁਰੂ ਗਏ ਸਨ ਜਿੱਥੇ ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਜਪਾ ਆਗੂਆਂ ਨਾਲ ਸਮਝੌਤਾ ਕਰਕੇ ਆਏ ਹਨ। ਮੈਂ ਰਾਹੁਲ ਗਾਂਧੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਆਪਣੇ ਨੇਤਾਵਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਵਿੱਚ ਆਪਣੀ ਬੂਕਿੰਗ ਕਰਵਾ ਲਈ ਹੈ। ਟਿਕਟਾਂ ਵੀ ਕਨਫਰਮ ਹੋ ਗਈਆਂ ਹਨ। ਬਸ ਕੁਝ ਦਿਨਾਂ ਦੀ ਦੇਰੀ ਹੈ ਅਤੇ ਸਾਡੀ ਇਹ ਖ਼ਬਰ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਗਈ ਹੈ।"