ਬਰਨਾਲਾ:ਲੋਕ ਸਭਾ ਚੋਣਾਂ 'ਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਲਈ ਮੁੱਖ ਮੰਤਰੀ ਭਗਵੰਤ ਮਾਨ 28 ਅਪ੍ਰੈਲ ਨੂੰ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਬਰਨਾਲਾ ਦੇ ਸੰਗਰੂਰ ਰੋਡ ਉਪਰ ਮੈਰੀਲੈਂਡ ਪੈਲੇਸ ਵਿਖੇ ਵਿਖੇ ਦੁਪਹਿਰ ਸਮੇਂ ਚੋਣ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਰਕਾਰ ਦੀਆਂ ਗਿਣਵਾ ਰਹੇ ਪ੍ਰਾਪਤੀਆਂ: ਮੀਤ ਹੇਅਰ ਵਲੋਂ ਲਗਾਤਾਰ ਸੰਗਰੂਰ ਹਲਕੇ ਵਿੱਚ ਪੰਜਾਬ ਸਰਕਾਰ ਵਲੋਂ ਕੀਤੇ ਦੋ ਸਾਲਾਂ ਦੇ ਕੰਮਾਂ ਦੇ ਨਾਂ 'ਤੇ ਵੋਟ ਮੰਗੇ ਜਾ ਰਹੇ ਹਨ। ਉਹ ਪਿੰਡ -ਪਿੰਡ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ, ਸਕੂਲ ਆਫ਼ ਐਮੀਨੈਂਸ, ਆਮ ਆਦਮੀ ਕਲੀਨਿਕ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦੇਣ ਦਾ ਜ਼ਿਕਰ ਰਹੇ ਹਨ। ਉਥੇ ਨਾਲ ਹੀ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ, ਫਸਲਾਂ ਦੀ ਮੰਡੀਕਰਨ ਬਿਹਤਰ ਕੀਤੀ ਅਤੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਦੇਣ ਤੋਂ ਇਲਾਵਾ 14 ਟੋਲ ਪਲਾਜ਼ੇ ਬੰਦ ਕਰਨ, ਨੌਜਵਾਨਾਂ ਨੂੰ 43000 ਤੋਂ ਵੱਧ ਨੌਕਰੀਆਂ ਦੇਣ ਦੇ ਦਾਅਵੇ ਤਹਿਤ ਪ੍ਰਾਪਤੀਆਂ ਗਿਣਾਈਆਂ ਜਾ ਰਹੀਆਂ ਹਨ।
ਸੀਐਮ ਦੀ ਰੈਲੀ ਨਾਲ ਮਿਲੇਗਾ ਹੁਲਾਰਾ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੈਲੀ ਕਰਨ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ। ਬਰਨਾਲਾ ਜ਼ਿਲ੍ਹੇ ਵਿੱਚ ਅਜੇ ਤੱਕ ਮੀਤ ਹੇਅਰ ਹੀ ਪ੍ਰਚਾਰ ਕਰ ਰਹੇ ਸਨ। ਜਦਕਿ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਆਪੋ ਆਪਣੇ ਹਲਕੇ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ, ਹੱਸਦਾ ਤੇ ਖੇਡਦਾ ਬਣਾਉਣ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਰੋਲ ਹੈ। ਆਮ ਆਦਮੀ ਪਾਰਟੀ ਨੂੰ ਸੰਗਰੂਰ ਪਾਰਲੀਮੈਂਟ ਹਲਕੇ ਦੇ ਵੋਟਰਾਂ ਉਤੇ ਰੱਬ ਜਿੱਡਾ ਮਾਣ ਹੈ, ਜਿੰਨ੍ਹਾਂ ਨੇ ਭਗਵੰਤ ਸਿੰਘ ਮਾਨ ਨੂੰ ਦੋ ਵਾਰ ਪਾਰਲੀਮੈਂਟ ਭੇਜ ਕੇ ਸੂਬੇ ਵਿੱਚ ਬਦਲਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ।
ਸੰਗਰੂਰ ਦੀ ਸਿਆਸੀ ਫਿਜ਼ਾ:ਦੱਸ ਦਈਏ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਚੋਣਾਂ ਵਿੱਚ ਅੱਗੇ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਚੋਣਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਢੀਂਡਸਾ ਗਰੁੱਪ ਦੇ ਵਰਕਰ ਅਕਾਲੀ ਦਲ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਜਦੋਂ ਕਿ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਭਾਜਪਾ ਚੋਣ ਪ੍ਰਚਾਰ ਵਿੱਚ ਪਛੜ ਰਹੀ ਹੈ। ਭਾਜਪਾ ਨੇ ਅਜੇ ਤੱਕ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।