ਲੁਧਿਆਣਾ:ਲੋਕ ਸਭਾ ਚੋਣਾਂ ਦੇ ਲਈ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ 13 ਸੀਟਾਂ ਲਈ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ। ਉੱਥੇ ਹੀ, ਅਕਾਲੀ ਦਲ ਵੱਲੋਂ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਵੱਲੋਂ ਹੁਣ ਤੱਕ 9 ਉਮੀਦਵਾਰ ਪੰਜਾਬ ਵਿੱਚ ਚੋਣ ਮੈਦਾਨ ਦੇ ਅੰਦਰ ਉਤਾਰ ਦਿੱਤੇ ਗਏ ਹਨ। ਉੱਥੇ ਹੀ, ਜੇਕਰ ਗੱਲ ਕਾਂਗਰਸ ਦੀ ਕੀਤੀ ਜਾਵੇ, ਤਾਂ 6 ਸੀਟਾਂ ਦਾ ਐਲਾਨ ਕਰ ਚੁੱਕੇ ਹਨ। ਜਿੰਨੇ ਵੀ ਉਮੀਦਵਾਰ ਜ਼ਿਆਦਾਤਰ ਪਾਰਟੀਆਂ ਵੱਲੋਂ ਐਲਾਨੇ ਗਏ ਹਨ, ਉਨ੍ਹਾਂ ਵਿੱਚੋਂ 90 ਫੀਸਦੀ ਤੋਂ ਜ਼ਿਆਦਾ ਉਮੀਦਵਾਰ 45 ਸਾਲ ਤੋਂ ਵਧੇਰੇ ਹਨ। ਸਾਰੀਆਂ ਹੀ ਪਾਰਟੀਆਂ ਵੱਲੋਂ ਆਪੋ ਆਪਣੇ ਪੁਰਾਣੇ ਚਿਹਰਿਆਂ ਉੱਤੇ ਹੀ ਦਾਅ ਖੇਡਿਆ ਗਿਆ ਹੈ। ਉੱਥੇ ਹੀ, ਯੂਥ ਆਗੂ ਮੁੜ ਤੋਂ ਨਜ਼ਰ ਅੰਦਾਜ਼ ਕਰ ਦਿੱਤੇ ਗਏ ਹਨ।
ਆਪ ਦੇ ਯੂਥ ਨੇਤਾ ਦੀ ਪ੍ਰਤੀਕਿਰਿਆ:ਇਸ ਨੂੰ ਲੈ ਕੇ ਜਿੱਥੇ ਯੂਥ ਆਗੂਆਂ ਦੇ ਵਿੱਚ ਅਤੇ ਵੋਟਰਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉੱਥੇ ਹੀ ਕਈ ਥਾਂਵਾਂ ਉੱਤੇ ਯੂਥ ਲੀਡਰ ਪਾਰਟੀਆਂ ਤੋਂ ਖਫਾ ਹੁੰਦੇ ਦੀ ਨਜ਼ਰ ਆ ਰਹੇ ਹਨ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ, ਤਾਂ ਆਮ ਆਦਮੀ ਪਾਰਟੀ ਦੇ ਯੂਥ ਦੇ ਲੀਡਰ ਅਹਬਾਬ ਗਰੇਵਾਲ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਦੀ ਕਾਂਗਰਸ ਦੇ ਪੰਜਾਬ ਪ੍ਰਧਾਨ ਦੇ ਨਾਲ ਮੀਟਿੰਗ ਵੀ ਹੋਈ ਹੈ। ਹਾਲਾਂਕਿ, ਉਨ੍ਹਾਂ ਨੇ ਮੀਟਿੰਗ ਨੂੰ ਨਿੱਜੀ ਦੱਸਿਆ ਸੀ। ਅਹਬਾਬ ਗਰੇਵਾਲ ਨੂੰ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦਾ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ, ਪਰ ਉਨ੍ਹਾਂ ਦੀ ਥਾਂ ਉੱਤੇ ਪਾਰਟੀ ਨੇ ਮੌਜੂਦਾ ਵਿਧਾਇਕ ਉੱਤੇ ਵਿਸ਼ਵਾਸ ਜਤਾਇਆ ਅਤੇ ਅਸ਼ੋਕ ਪਰਾਸ਼ਰ ਨੂੰ ਟਿਕਟ ਦੇ ਦਿੱਤੀ।
ਕਾਂਗਰਸ ਦੇ ਉਮੀਦਵਾਰ:ਕਾਂਗਰਸ ਵੱਲੋਂ ਵੀ ਆਪਣੇ ਪੁਰਾਣੇ ਲੀਡਰਾਂ 'ਤੇ ਹੀ ਦਾਅ ਖੇਡਿਆ ਗਿਆ ਹੈ। ਕਾਂਗਰਸ ਵੱਲੋਂ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਪਟਿਆਲਾ ਤੋਂ ਧਰਮਵੀਰ ਗਾਂਧੀ, ਬਠਿੰਡਾ ਤੋਂ ਜੀਤ ਮਹਿੰਦਰ ਸਿੱਧੂ, ਸੰਗਰੂਰ ਤੋਂ ਸੁਖਪਾਲ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ। ਜੇਕਰ ਇਨ੍ਹਾਂ ਆਗੂਆਂ ਦੀ ਉਮਰ ਦੀ ਗੱਲ ਕੀਤੀ ਜਾਵੇ, ਤਾਂ ਸਾਰੇ ਹੀ ਆਗੂ 45 ਸਾਲ ਤੋਂ ਪਾਰ ਹਨ।
ਅਕਾਲੀ ਦਲ ਦੇ ਉਮੀਦਵਾਰ:ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਨੇ ਵੀ ਪੁਰਾਣੇ ਹੀ ਲੀਡਰਾਂ ਉੱਤੇ ਦਾਅ ਖੇਡਿਆ ਹੈ। ਗੁਰਦਾਸਪੁਰ ਤੋਂ ਡਾਕਟਰ ਦਲਜੀਤ ਚੀਮਾ, ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ, ਪਟਿਆਲਾ ਤੋਂ ਐਨ ਕੇ ਸ਼ਰਮਾ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ, ਫ਼ਰੀਦਕੋਟ ਤੋਂ ਰਾਜਵਿੰਦਰ ਸਿੰਘ ਅਤੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਅਕਾਲੀ ਦਲ ਵੱਲੋਂ ਵੀ ਜ਼ਿਆਦਾਤਰ ਪੁਰਾਣੇ ਉਮੀਦਵਾਰਾਂ ਤੇ ਹੀ ਦਾਅ ਖੇਡਿਆ ਗਿਆ ਹੈ। ਹਾਲਾਂਕਿ ਸੰਗਰੂਰ ਤੋਂ ਢੀਂਡਸਾ ਪਰਿਵਾਰ ਵਿੱਚੋਂ ਕਿਸੇ ਨੂੰ ਟਿਕਟ ਮਿਲਣ ਦੀ ਗੱਲ ਕਹੀ ਜਾ ਰਹੀ ਸੀ ਪਰ ਅਕਾਲੀ ਦਲ ਨੇ ਆਪਣੇ ਪੁਰਾਣੇ ਲੀਡਰ 'ਤੇ ਹੀ ਵਿਸ਼ਵਾਸ ਜਤਾਇਆ ਹੈ।
ਆਪ ਦੇ ਉਮੀਦਵਾਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹੁਣ ਤੱਕ ਸਾਰੇ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਪੁਰਾਣੇ ਲੀਡਰਾਂ 'ਤੇ ਹੀ ਵਿਸ਼ਵਾਸ ਜਤਾਇਆ ਗਿਆ ਹੈ। ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਟਿਆਲਾ ਤੋਂ ਬਲਵੀਰ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਜਲੰਧਰ ਤੋਂ ਪਵਨ ਕੁਮਾਰ, ਫ਼ਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ, ਫ਼ਰੀਦਕੋਟ ਤੋਂ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ, ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ, ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਅਮਨਸ਼ੇਰ ਸਿੰਘ, ਜਲੰਧਰ ਤੋਂ ਪਵਨ ਕੁਮਾਰ ਟੀਨੂੰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।