ਲੁਧਿਆਣਾ:ਲੋਕ ਸਭਾ ਚੋਣਾਂ 2024 ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਬਜ਼ੁਰਗ ਵੋਟਰਾਂ ਵਿੱਚ ਵੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਵਿੱਚ ਆਪਣੇ ਜ਼ਮਹੂਰੀ ਹੱਕ ਦਾ ਇਸਤੇਮਾਲ ਕਨ ਲਈ 80 ਸਾਲ ਦੀ ਬਜ਼ੁਰਗ ਮਹਿਲਾ ਵੀਲ੍ਹ ਚੇਅਰ ਰਾਹੀਂ ਪਹੁੰਚੀ ਤਾਂ ਸਕੂਲੀ ਵਿਦਿਆਰਥੀਆਂ ਨੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ। ਦੱਸ ਦਈਏ ਲੁਧਿਆਣਾ ਵਿੱਚ ਕੁੱਝ ਸਕੂਲੀ ਵਿਦਿਆਰਥੀ ਆਪਣਾ ਫਰਜ ਸਮਝਦਿਆਂ ਲੋੜਵੰਦਾਂ ਦੀ ਪੋਲਿੰਗ ਬੂਥਾਂ ਉੱਤੇ ਮਦਦ ਕਰ ਰਹੇ ਹਨ ਜਦ ਕਿ ਫਿਲਹਾਲ ਸਕੂਲਾਂ ਵਿੱਚ ਛੁੱਟੀਆਂ ਹਨ।
ਵਿਦਿਆਰਥੀ ਅਤੇ ਬਜ਼ੁਰਗਾਂ ਨੇ ਰੱਖੀ ਆਪਣੀ ਰਾਏ: 80 ਸਾਲ ਦੀ ਉਮਰ ਵਿੱਚ ਵੋਟ ਪਾਉਣ ਲਈ ਅੱਤ ਦੀ ਗਰਮੀ ਵਿੱਚ ਪਹੁੰਚੀ ਬਜ਼ੁਰਗ ਮਹਿਲਾ ਨੇ ਕਿਹਾ ਕਿ ਉਹ ਆਪਣੇ ਹੱਕ ਦਾ ਇਸਤੇਮਾਲ ਕਰਨ ਪਹੁੰਚੇ ਹਨ ਅਤੇ ਅੱਜ ਸਭ ਨੂੰ ਵੋਟ ਪਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਵੋਟਰਾਂ ਲਈ ਪ੍ਰਸ਼ਾਸਨ ਨੇ ਚੰਗੇ ਪ੍ਰਬੰਧ ਕੀਤੇ ਹਨ ਅਤੇ ਪਹਿਲਾਂ ਦੇ ਹਾਲਾਤਾਂ ਨਾਲੋਂ ਹੁਣ ਵੋਟਰਾਂ ਲਈ ਸਹੂਲਤਾਂ ਹਨ। ਦੂਜੇ ਪਾਸੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਆਪਣੀ ਇੱਛਾ ਨਾਲ ਬਜ਼ੁਰਗਾਂ ਦੀ ਸੇਵਾ ਕਰਨ ਲਈ ਪਹੁੰਚੇ ਹਨ ਭਾਵੇਂ ਸਕੂਲਾਂ ਵਿੱਚ ਛੁੱਟੀਆਂ ਹਨ ਪਰ ਫਿਰ ਵੀ ਉਹ ਲੋੜਵੰਦ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਮਦਦ ਕਰ ਰਹੇ ਹਨ।