ਬਰਨਾਲਾ: ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਮੁਹੱਲਾ ਕਲੀਨਿਕਾਂ ਨੂੰ ਪ੍ਰਫੁੱਲਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਪੁਰਾਣੇ ਬਹੁਮੰਜਲੀ ਇਮਾਰਤਾਂ ਵਾਲੇ ਹਸਪਤਾਲਾਂ ਦੇ ਡਾਕਟਰਾਂ ਦੀਆਂ ਡਿਊਟੀਆਂ ਬਾਹਰ ਲਗਾ ਕੇ ਮਰੀਜ਼ਾਂ ਨੂੰ ਰੱਬ ਸਹਾਰੇ ਛੱਡ ਦਿੱਤਾ ਗਿਆ ਹੈ। ਮਾਮਲਾ ਭਦੌੜ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬਹੁ ਮੰਜਲੀ ਹਸਪਤਾਲ ਵਿੱਚ ਅੱਜ ਇੱਕ ਵੀ ਡਾਕਟਰ ਲੋਕਾਂ ਨੂੰ ਦਵਾਈ ਦੇਣ ਜਾਂ ਇਲਾਜ ਕਰਨ ਲਈ ਉਪਲਬਧ ਨਹੀਂ ਸੀ। ਇਸ ਮੌਕੇ ਆਏ ਮਰੀਜ਼ਾਂ ਨੇ ਜਦੋਂ ਦਵਾਈ ਲੈਣੀ ਚਾਹੀ ਤਾਂ ਸਬੰਧਤ ਹਸਪਤਾਲ ਦੀ ਐਸਐਮਓ ਨੇ ਪਹਿਲਾਂ ਤਾਂ ਦਵਾਈ ਦੇਣੀ ਸ਼ੁਰੂ ਕਰ ਦਿੱਤੀ, ਤਾਂ ਜਦੋਂ ਹੱਦੋਂ ਜਿਆਦਾ ਮਰੀਜ਼ ਦਵਾਈ ਲੈਣ ਲਈ ਪਹੁੰਚ ਗਏ, ਤਾਂ ਉੱਥੇ ਤਕਰਾਰ ਹੁੰਦੇ ਬਚੀ।
ਮਰੀਜ-ਐਸਔਮਓ ਉਲਝੇ:ਜਾਣਕਾਰੀ ਦਿੰਦਿਆਂ ਜੱਗੀ ਸਿੰਘ ਅਤੇ ਭੁਪਿੰਦਰ ਸਿੰਘ ਪਿੰਡ ਜੰਗੀਆਣਾ ਅਤੇ ਹੋਰ ਮਹਿਲਾਵਾਂ ਨੇ ਦੱਸਿਆ ਕਿ ਅਸੀਂ ਪਿਛਲੇ ਸਮੇਂ ਤੋਂ ਇਥੋਂ ਸਰਕਾਰੀ ਹਸਪਤਾਲ ਵਿੱਚੋਂ ਦਵਾਈ ਲੈਂਦੇ ਹਾਂ, ਪ੍ਰੰਤੂ ਅੱਜ ਜਦੋਂ ਅਸੀਂ ਹਸਪਤਾਲ ਵਿੱਚ ਦਵਾਈ ਲੈਣ ਲਈ ਪਹੁੰਚੇ, ਤਾਂ ਇੱਥੇ ਕੋਈ ਵੀ ਡਾਕਟਰ ਤਾਇਨਾਤ ਨਹੀਂ ਸੀ ਅਤੇ ਜਦੋਂ ਅਸੀਂ ਐਸਐਮਓ ਮੈਡਮ ਕੋਲ ਦਵਾਈ ਲੈਣ ਪਹੁੰਚੇ ਤਾਂ ਉਨ੍ਹਾਂ ਕਿਹਾ ਕਿ ਹੱਡੀਆਂ ਦੇ ਇਲਾਜ ਲਈ ਅਸੀਂ ਦਵਾਈ ਨਹੀਂ ਦੇ ਸਕਦੇ ਅਤੇ ਅਸੀਂ ਸਿਰਫ ਤੁਹਾਡੇ ਦਰਦ ਨੂੰ ਰੋਕਣ ਲਈ ਦਰਦ ਨਿਵਾਰਕ ਦੇ ਸਕਦੇ ਹਾਂ ਜਿਸ ਨੂੰ ਲੈ ਕੇ ਉਥੇ ਬਵਾਲ ਹੁੰਦਾ ਹੁੰਦਾ ਬਚਿਆ।
ਇਸ ਮੌਕੇ ਸਬੰਧਤ ਮਰੀਜ਼ਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਮੁਹੱਲਾ ਕਲੀਨਿਕਾਂ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਪੁਰਾਣੇ ਹਸਪਤਾਲਾਂ ਨੂੰ ਹੀ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਅਤੇ ਇੱਥੇ ਡਾਕਟਰਾਂ ਦੀ ਤਾਇਨਾਤੀ ਕੀਤੀ ਜਾ ਸਕੇ, ਤਾਂ ਜੋ ਸਥਾਨਕ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਮਾਂ ਰਹਿੰਦੇ ਹੀ ਉਹ ਆਪਣਾ ਇਲਾਜ ਕਰਵਾ ਸਕਣ। ਮੌਕੇ ਉੱਤੇ ਮੌਜੂਦ ਕੁਝ ਲੋਕਾਂ ਨੇ ਕਿਹਾ ਕਿ ਜੇਕਰ ਇੱਥੇ ਹਸਪਤਾਲ ਵਿੱਚ ਡਾਕਟਰ ਜਲਦੀ ਪੂਰੇ ਨਾ ਕੀਤੇ ਗਏ, ਤਾਂ ਉਹ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਡਾਕਟਰਾਂ ਦੀ ਪੂਰਤੀ ਲਈ ਧਰਨਾ ਲਗਾਉਣਗੇ ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।