ਕਪੂਰਥਲਾ: ਅਮਰੀਕਾ ਸਰਕਾਰ ਦੀ ਸਖ਼ਤੀ ਤੋਂ ਬਾਅਦ ਰਾਸ਼ਟਰਪਤੀ ਟਰੰਪ ਵੱਲੋਂ ਗੈਰਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਬੀਤੇ ਦਿਨ ਤੀਜਾ ਅਮਰੀਕੀ ਜਹਾਜ਼ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ 31 ਪੰਜਾਬੀਆਂ ਸਣੇ ਵੱਖ-ਵੱਖ ਸੂਬੇ ਦੇ ਭਾਰਤੀਆਂ ਨੂੰ ਲੈ ਕੇ ਪਰਤਿਆ ਹੈ। ਇਨ੍ਹਾਂ ਡਿਪੋਰਟ ਕੀਤੇ ਨੌਜਵਾਨਾਂ 'ਚ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਹਲਕੇ ਨਾਲ ਲੱਗਦੇ ਪਿੰਡ ਪੰਡੋਰੀ ਰਾਜਪੂਤਾਂ ਅਤੇ ਪਿੰਡ ਸੁਰਖਾਂ ਦੇ 2 ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵੀ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਕੀਤੇ ਇੰਤਜ਼ਾਮਾਂ ਤਹਿਤ ਪੰਜਾਬ ਪੁਲਿਸ ਦੀ ਗੱਡੀ 'ਚ ਇਹ ਨੌਜਵਾਨ ਘਰ ਪਰਤੇ। ਨੌਜਵਾਨ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਭਾਲ ਲਈ ਪਿਛਲੇ ਸਾਲ ਉਹ ਯੂਰਪ ਗਿਆ ਸੀ, ਪਰ ਉੱਥੇ ਕੰਮ ਨਹੀਂ ਮਿਲਿਆ। ਇਸ ਕਰਕੇ ਉਹ ਯੂਰਪ ਤੋਂ ਅਮਰੀਕਾ ਚਲਾ ਗਿਆ ਅਤੇ ਇਸੇ ਸਾਲ ਜਨਵਰੀ ਮਹੀਨੇ ਉਹ ਅਮਰੀਕਾ ਪਹੁੰਚਿਆ ਸੀ। ਜਿੱਥੇ ਉਸ ਨੂੰ ਗ੍ਰਿਫ਼ਤਾਰ ਕਰਕੇ ਕੈਂਪ ਵਿੱਚ ਰੱਖਿਆ ਗਿਆ। ਜਿੱਥੇ ਕਰੀਬ 20 ਦਿਨ ਕੈਂਪ ਵਿੱਚ ਰੱਖਣ ਤੋਂ ਬਾਅਦ ਉਸਨੂੰ ਭਾਰਤ ਭੇਜ ਦਿੱਤਾ ਗਿਆ। ਨੌਜਵਾਨ ਨੇ ਦੱਸਿਆ ਕਿ "ਜਦੋਂ ਡਿਪੋਰਟ ਕਰਕੇ ਭੇਜਿਆ ਗਿਆ ਤਾਂ ਡਿਟੈਂਸ਼ਨ ਸੈਂਟਰ ਤੋਂ ਹੀ ਮੇਰੇ ਹੱਥਾਂ ਨੂੰ ਹੱਥਕੜੀ ਅਤੇ ਪੈਰਾਂ ਨੂੰ ਬੇੜੀਆਂ ਲਗਾ ਦਿੱਤੀਆਂ ਗਈਆਂ ਅਤੇ ਜਹਾ ਵਿੱਚ ਵੀ ਇਸੇ ਤਰ੍ਹਾਂ ਹੀ ਬਿਠਾ ਕੇ ਲਿਆਂਦਾ ਗਿਆ। ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਅਮਰੀਕੀ ਫੌਜੀਆਂ ਵੱਲੋਂ ਸਾਡੀਆਂ ਬੇੜੀਆਂ ਅਤੇ ਹੱਥ ਕੜੀਆਂ ਖੋਲ੍ਹ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਪਰ ਅਸੀਂ ਇਹ ਸਾਰੇ ਹਲਾਤ ਏਅਰਪੋਰਟ ਉੱਤੇ ਬਿਆਨ ਕਰ ਦਿੱਤੇ ਹਨ।"
ਸੁਰਖਾਂ ਦੇ ਨੌਜਵਾਨ ਮਨਦੀਪ ਸਿੰਘ ਦੀ ਮਾਤਾ ਨੇ ਦੱਸੀ ਪੁੱਤ ਦੀ ਕਹਾਣੀ
ਇਸੇ ਤਰ੍ਹਾਂ ਅਮਰੀਕਾ ਤੋਂ ਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸੁਰਖਾਂ ਨੂੰ ਵੀ ਡਿਪੋਰਟ ਕੀਤਾ ਗਿਆ ਹੈ। ਮਨਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਮਨਦੀਪ ਸਿੰਘ ਨੂੰ ਸੱਤ ਮਹੀਨੇ ਪਹਿਲਾਂ ਅਮਰੀਕਾ ਲਈ ਘਰੋਂ ਤੋਰਿਆ ਸੀ। ਜਿੱਥੋਂ ਹੁਣ ਉਸ ਨੂੰ ਡਿਪੋਰਟ ਕਰਕੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਨੂੰ ਭੇਜਣ ਤੇ 55 ਲੱਖ ਰੁਪਏ ਉਹਨਾਂ ਨੇ ਕਰਜ਼ਾ ਚੁੱਕਿਆ ਹੈ, ਜਦਕਿ ਉਸਦਾ ਪਤੀ ਪ੍ਰੀਤਮ ਸਿੰਘ ਆਰੇ 'ਤੇ ਲੱਗਾ ਹੋਇਆ ਹੈ। ਉਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ।