ਚੰਡੀਗੜ੍ਹ: ਜਲੰਧਰ ਦੂਰਦਰਸ਼ਨ ਦੇ ਪ੍ਰਵਾਣਤ ਅਤੇ ਦਿੱਗਜ ਅਦਾਕਾਰ ਸੁਖਬੀਰ ਸਿੰਘ ਬਾਠ ਦੀ ਸਿਹਤ ਕਾਫ਼ੀ ਖ਼ਰਾਬ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿੰਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਏ ਕਈ ਅਰਥ-ਭਰਪੂਰ ਮਿਊਜ਼ਿਕ ਵੀਡੀਓਜ਼ ਅਤੇ ਲਘੂ ਫਿਲਮ ਪ੍ਰੋਜੈਕਟਸ ਦਾ ਪ੍ਰਭਾਵੀ ਹਿੱਸਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਵਿੱਚ ਮੇਰੇ 'ਗੁਰੂ ਰਵਿਦਾਸ ਜੀ' ਆਦਿ ਸ਼ੁਮਾਰ ਰਹੇ ਹਨ।
ਟੈਲੀਵਿਜ਼ਨ ਤੋਂ ਲੈ ਕੇ ਪੰਜਾਬੀ ਰੰਗਮੰਚ, ਦੂਰਦਰਸ਼ਨ ਅਤੇ ਫਿਲਮਾਂ ਦੇ ਬਾਕਮਾਲ ਅਦਾਕਾਰ ਅਤੇ ਲੇਖਕ ਵਜੋਂ ਲਗਭਗ ਪੰਜ ਦਹਾਕਿਆਂ ਦਾ ਸੁਨਿਹਰਾ ਅਦਾਕਾਰੀ ਸਫ਼ਰ ਹੰਢਾਂ ਚੁੱਕੇ ਹਨ ਅਦਾਕਾਰੀ ਦੇ ਬਾਬਾ ਬੋਹੜ ਦੇ ਤੌਰ ਉਤੇ ਜਾਣੇ ਜਾਂਦੇ ਇਹ ਅਜ਼ੀਮ ਅਦਾਕਾਰ, ਜਿੰਨ੍ਹਾਂ ਦੀ 1980 ਵੇਂ ਦਹਾਕਿਆਂ ਦੌਰਾਨ ਮਰਹੂਮ ਹਰਭਜਨ ਜੱਬਲ ਤੋਂ ਇਲਾਵਾ ਜਤਿੰਦਰ ਕੌਰ ਜਿਹੇ ਮਹਾਨ ਕਲਾਕਾਰਾਂ ਨਾਲ ਪੂਰੀ ਧਾਂਕ ਕਾਇਮ ਰਹੀ ਹੈ।
ਮੂਲ ਰੂਪ ਵਿੱਚ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਅਦਾਕਾਰ ਸੁਖਵੀਰ ਸਿੰਘ ਬਾਠ ਵੱਲੋਂ ਨਿਭਾਈਆਂ ਬੇਸ਼ੁਮਾਰ ਭੂਮਿਕਾਵਾਂ ਦਰਸ਼ਕਾਂ ਦੇ ਮਨਾਂ ਵਿੱਚ ਅਮਿਟ ਛਾਪ ਛੱਡਣ ਵਿੱਚ ਕਾਮਯਾਬ ਰਹੀਆਂ ਹਨ, ਜਿੰਨ੍ਹਾਂ ਵਿੱਚ ਦੂਰਦਰਸ਼ਨ ਦਾ ਪਾਪੂਲਰ ਅਤੇ ਸਰਦਾਰਜੀਤ ਬਾਵਾ ਵੱਲੋਂ ਨਿਰਦੇਸ਼ਿਤ ਸੀਰੀਅਲ 'ਥੈਂਕ ਯੂ ਮਿਸਟਰ ਗਲੈਡ' ਵੀ ਸ਼ਾਮਿਲ ਰਿਹਾ ਹੈ, ਜੋ ਲੋਕਪ੍ਰਿਯਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ।
ਪੰਜਾਬੀ ਸਿਨੇਮਾ ਖੇਤਰ ਵਿੱਚ ਅੱਜ ਵੀ ਗਾਹੇ-ਬਗਾਹੇ ਕਾਰਜਸ਼ੀਲ ਇਸ ਸੀਨੀਅਰ ਅਦਾਕਾਰ ਦੇ ਸ਼ਾਨਮੱਤੇ ਰਹੇ ਇਸ ਸਫ਼ਰ ਦੀ ਇੱਕ ਤ੍ਰਾਸਦੀ ਇਹ ਵੀ ਰਹੀ ਹੈ ਕਿ ਬੇਮਿਸਾਲ ਅਦਾਕਾਰੀ ਮੁਹਾਰਤ ਦੇ ਬਾਵਜੂਦ ਉਨ੍ਹਾਂ ਦੀ ਇਸ ਕਲਾ ਅਤੇ ਮੌਜ਼ੂਦਗੀ ਦਾ ਇਸਤੇਮਾਲ ਕਰਨ ਵਿੱਚ ਅਜੋਕਾਂ ਸਿਨੇਮਾ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ, ਜਿੰਨ੍ਹਾਂ ਦਾ ਇਸ ਸਿਨੇਮਾ ਖੇਤਰ ਵਿੱਚ ਬਣਦਾ ਰੁਤਬਾ ਬਹਾਲ ਨਹੀਂ ਕਰਵਾਇਆ ਜਾ ਸਕਿਆ, ਜਿਸ ਦਾ ਇੱਕ ਅਹਿਮ ਕਾਰਨ ਉਹ ਆਪਣੇ ਆਪ ਨੂੰ ਅਜੌਕੇ ਚਾਪਲੂਸੀ ਸਿਸਟਮ ਨਾਲ ਮੇਲ ਨਾ ਖਾਣ ਦੇ ਸਿਧਾਂਤਕ ਅਸੂਲਾਂ ਨੂੰ ਵੀ ਮੰਨਦੇ ਰਹੇ ਹਨ, ਜਿੰਨ੍ਹਾਂ ਖੁਸ਼ਾਮਦ ਕਰਕੇ ਕੰਮ ਹਾਸਿਲ ਕਰਨ ਦੀ ਕੋਸ਼ਿਸ਼ ਕਦੇ ਵੀ ਨਹੀਂ ਕੀਤੀ ਅਤੇ ਸ਼ਾਇਦ ਇਹੀ ਕਾਰਨ ਰਿਹਾ ਕਿ ਕਲਾ ਦੇ ਵੱਗਦੇ ਦਰਿਆ ਹੋਣ ਵਾਲੇ ਇਸ ਅਦਾਕਾਰ ਨੂੰ ਛੋਟੇ ਜਿਹੇ ਦਾਇਰੇ ਤੱਕ ਸੀਮਿਤ ਰਹਿਣਾ ਪਿਆ ਹੈ।
ਇਹ ਵੀ ਪੜ੍ਹੋ: