ਅੰਮ੍ਰਿਤਸਰ ਵਿੱਚ ਬੀਤੀ ਰਾਤ ਕੈਂਡਲ ਮਾਰਟ ਕੱਢਿਆ ਗਿਆ (ETV BHARAT REPORTER) ਅੰਮ੍ਰਿਤਸਰ/ਚੰਡੀਗੜ੍ਹ/ਦਿੱਲੀ:ਕੋਲਕਾਤਾ 'ਚ ਇਕ ਰੈਜ਼ੀਡੈਂਟ ਡਾਕਟਰ ਦੀ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰ ਗੁੱਸੇ 'ਚ ਹਨ। ਇਸ ਘਟਨਾ ਦੇ ਵਿਰੋਧ ਵਿੱਚ ਰੈਜ਼ੀਡੈਂਟ ਡਾਕਟਰਾਂ ਦੀ ਦੇਸ਼ ਵਿਆਪੀ ਜਥੇਬੰਦੀ ਫੈਡਰੇਸ਼ਨ ਆਫ ਆਲ ਇੰਡੀਆ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਦੇਸ਼ ਦੇ ਸਾਰੇ ਸਰਕਾਰੀ ਹਸਪਤਾਲਾਂ ਦੀਆਂ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨਾਂ (ਆਰਡੀਏ) ਨੂੰ ਮੰਗਲਵਾਰ ਨੂੰ ਵੀ ਹੜਤਾਲ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ। ਇਸ ਕਾਰਨ ਰਾਜਧਾਨੀ ਦਿੱਲੀ ਦੇ ਹਸਪਤਾਲਾਂ ਦੀ ਓਪੀਡੀ, ਚੋਣਵੇਂ ਸਰਜਰੀ ਅਤੇ ਲੈਬਾਂ ਦਾ ਕੰਮ ਅੱਜ ਵੀ ਠੱਪ ਰਹੇਗਾ।
ਚੰਡੀਗੜ੍ਹ ਵਿੱਚ ਵਿਰੋਧ: ਇਸ ਹੀ ਤਹਿਤ ਚੰਡੀਗੜ੍ਹ ਦੀਆਂ ਤਿੰਨ ਪ੍ਰਮੁੱਖ ਸਿਹਤ ਸੇਵਾਵਾਂ ਸੰਸਥਾਵਾਂ ਪੀਜੀਆਈ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 32 (ਜੀਐਮਸੀਐਚ), ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ 16 (ਜੀਐਮਐਸਐਚ) ਦੇ ਰੈਜ਼ੀਡੈਂਟ ਡਾਕਟਰ ਵੀ ਅੱਜ ਹੜਤਾਲ ’ਤੇ ਹਨ। ਜਿਸ ਕਾਰਨ ਅੱਜ ਚੰਡੀਗੜ੍ਹ ਪੀਜੀਆਈ ਵਿੱਚ ਓਪੀਡੀ ਲਈ ਨਵੇਂ ਕਾਰਡ ਨਹੀਂ ਬਣਾਏ ਜਾਣਗੇ। ਜੇਕਰ ਕੋਈ ਪੁਰਾਣਾ ਮਰੀਜ਼ ਫਾਲੋ-ਅੱਪ ਲਈ ਆਉਂਦਾ ਹੈ, ਤਾਂ ਉਸ ਨੂੰ ਸੀਨੀਅਰ ਡਾਕਟਰ ਅਤੇ ਸਲਾਹਕਾਰ ਦੁਆਰਾ ਦੇਖਿਆ ਜਾਵੇਗਾ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 32 ਦੇ ਡਾਕਟਰ ਦੁਪਹਿਰ 1 ਵਜੇ ਤੋਂ ਹੜਤਾਲ 'ਤੇ ਚਲੇ ਜਾਣਗੇ। ਉਦੋਂ ਤੱਕ ਓਪੀਡੀ ਦਾ ਸਮਾਂ ਖਤਮ ਹੋ ਚੁੱਕਾ ਹੋਵੇਗਾ।
ਅੰਮ੍ਰਿਤਸਰ 'ਚ ਵੀ ਹੋਇਆ ਵਿਰੋਧ: ਇਸ ਹੀ ਤਹਿਤ ਅੰਮ੍ਰਿਤਸਰ ਵਿਖੇ ਵੀ ਦੇਰ ਸ਼ਾਮ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਰੈਜ਼ੀਡੈਂਟ ਡਾਕਟਰਾਂ ਵੱਲੋਂ ਮੋਮਬੱਤੀਆਂ ਜਗਾ ਕੇ ਇਸ ਘਟਨਾ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਮਹਿਲਾ ਡਾਕਟਰ ਨੇ ਕਿਹਾ ਕਿ ਅਕਸਰ ਹੀ ਲੋਕਾਂ ਵੱਲੋਂ ਤਰਕ ਦਿੱਤੇ ਜਾਂਦੇ ਹਨ ਕਿ ਕੁੜੀਆਂ ਬਾਹਰ ਘੂੰਮਦੀਆਂ ਹਨ ਇਸ ਲਈ ਉਹਨਾਂ ਨਾਲ ਬਲਾਤਕਾਰ ਹੁੰਦੇ ਹਨ ਪਰ ਬੰਗਾਲ ਦੀ ਡਾਕਟਰ ਤਾਂ ਆਪਣੀ 36 ਘੰਟੇ ਦੀ ਡਿਉਟੀ ਤੋਂ ਬਾਅਦ ਘਰ ਪਰਤ ਰਹੀ ਸੀ । ਉਸ ਨਾਲ ਵੀ ਅਜਿਹਾ ਹੋ ਜਾਵੇ ਤਾਂ ਬੇਹੱਦ ਮੰਦਭਾਗਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਵੱਡੀ ਘਟਨਾ ਹੈ ਇਸ ਲਈ ਉਸ ਦੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹਾ ਨਾ ਹੋ ਸਕੇ।
ਕੋਲਕਾਤਾ 'ਚ ਘਟਨਾ ਦਾ ਵਿਰੋਧ:ਜ਼ਿਰਕਯੋਗ ਹੈ ਕਿ ਹੜਤਾਲ 'ਤੇ ਬੈਠੇ ਰੈਜ਼ੀਡੈਂਟ ਡਾਕਟਰ ਕੋਲਕਾਤਾ 'ਚ ਹੋਈ ਘਟਨਾ ਦਾ ਵਿਰੋਧ ਕਰ ਰਹੇ ਹਨ। ਜਿੱਥੇ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ। ਡਾਕਟਰਾਂ ਦੀ ਮੰਗ ਹੈ ਕਿ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਦੇਸ਼ ਵਿੱਚ ਰੈਜ਼ੀਡੈਂਟ ਡਾਕਟਰਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਡਾਕਟਰ ਦੇਸ਼ ਭਰ ਵਿੱਚ ਸੁਰੱਖਿਆ ਯਕੀਨੀ ਬਣਾਉਣ ਲਈ ਦੇਸ਼ ਵਿੱਚ ਸੀਪੀਏ ਜਾਂ ਇਸ ਤਰ੍ਹਾਂ ਦੇ ਕਾਨੂੰਨ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਕੋਲਕਾਤਾ ਮਾਮਲੇ ਦੀ ਸਹੀ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਹੁਣ ਤੱਕ ਦੀ ਜਾਂਚ ਸਵਾਲ ਪੈਦਾ ਕਰ ਰਹੀ ਹੈ। ਮੈਡੀਕਲ ਕਾਲਜ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਅਸਤੀਫੇ ਵੀ ਹੋਣੇ ਚਾਹੀਦੇ ਹਨ।