ਚੰਡੀਗੜ੍ਹ: ਅੱਜ ਕਿਸਾਨ ਅੰਦੋਲਨ ਦਾ 33ਵਾਂ ਦਿਨ ਹੈ। ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਗੋਲੀ ਲੱਗਣ ਨਾਲ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਦੀਆਂ ਅਸਥੀਆਂ ਅੱਜ ਸ਼ੰਭੂ ਬਾਰਡਰ 'ਤੇ ਪੁੱਜ ਜਾਣਗੀਆਂ। ਅੱਜ ਕਿਸਾਨ ਇੱਥੋਂ ਕਲਸ਼ ਯਾਤਰਾ ਕੱਢ ਕੇ ਲਾਂਡਰਾ, ਮੁਹਾਲੀ, ਸਾਕੇਤਦੀ (ਪੰਚਕੂਲਾ) ਅਤੇ ਫਿਰ ਪੰਜਾਬ ਯੂਨੀਵਰਸਿਟੀ ਪੁੱਜਣਗੇ। ਦੱਸ ਦਈਏ ਕਿ ਇਹ ਕਲਸ਼ ਯਾਤਰਾ 17-18 ਮਾਰਚ ਨੂੰ ਪੰਚਕੂਲਾ, 2 ਦਿਨ ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ ਅਤੇ ਫਿਰ 3 ਦਿਨ ਅੰਬਾਲਾ ਜ਼ਿਲ੍ਹੇ 'ਚ ਕੱਢੀ ਜਾਵੇਗੀ।
ਕਿਸਾਨ ਆਗੂਆਂ ਨੇ ਕੀਤੀ ਇਹ ਅਪੀਲ: ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਭਾਜਪਾ ਅਤੇ ਭਾਜਪਾ ਗਠਜੋੜ ਵਿਰੁੱਧ ਕਿਸਾਨ ਅੰਦੋਲਨ-2 ਦੇ ਸ਼ਹੀਦ ਸ਼ੁਭਕਰਨ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਾਂ ’ਤੇ ਤਖ਼ਤੀਆਂ ਅਤੇ ਕਾਲੇ ਝੰਡੇ ਦਿਖਾਏ ਜਾਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੇਸ਼ ਭਰ ਦੇ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸ਼ੰਭੂ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਹੈ।
22 ਅਤੇ 31 ਮਾਰਚ ਨੂੰ ਸ਼ਹੀਦੀ ਸਮਾਗਮ ਹੋਵੇਗਾ:ਮੋਰਚੇ ਨੇ ਹਰਿਆਣਾ ਅਤੇ ਪੰਜਾਬ ਸਮੇਤ ਹੋਰਨਾਂ ਸੂਬਿਆਣ ਵਿੱਚ ਨੌਜਵਾਨ ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ ਅਸਥੀਆਂ ਦਾ ਕਲਸ਼ ਲਿਆ ਕੇ ਕਲਸ਼ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ 22 ਮਾਰਚ ਨੂੰ ਹਿਸਾਰ ਅਤੇ 31 ਮਾਰਚ ਨੂੰ ਅੰਬਾਲਾ ਦੀ ਮੋਹਰਾ ਅਨਾਜ ਮੰਡੀ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ।
15 ਮਾਰਚ ਨੂੰ ਨੌਜਵਾਨ ਕਿਸਾਨ ਸ਼ੁਭਕਰਨ ਦੀਆਂ ਇਕੱਠੀਆਂ ਕੀਤੀਆਂ ਅਸਥੀਆਂ:ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਕਿਸਾਨ ਆਗੂ ਸ਼ੁੱਕਰਵਾਰ ਨੂੰ ਬਠਿੰਡਾ ਦੇ ਪਿੰਡ ਬੱਲੋ ਪਹੁੰਚੇ। ਇੱਥੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੇਰ ਤੋਂ ਇਲਾਵਾ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।
ਹੁਣ ਤੱਕ 9 ਮੌਤਾਂ:ਕਿਸਾਨ ਅੰਦੋਲਨ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ 'ਤੇ ਅੜੇ ਹੋਏ ਹਨ। ਸਰਕਾਰ ਨਾਲ ਹੁਣ ਤੱਕ 4 ਦੌਰ ਦੀ ਗੱਲਬਾਤ ਅਸਫਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਉਦੋਂ ਤਕ ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉੱਤੇ ਡਟੇ ਰਹਿਣਗੇ।