ਅੰਮ੍ਰਿਤਸਰ/ਬਠਿੰਡਾ: ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਾ ਰਹੇ ਕਿਸਾਨਾਂ ਉੱਤੇ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਅੱਥਰੂ ਗੋਲੇ ਸੁੱਟ ਕੇ ਰੋਕੇ ਜਾਣ ਦੇ ਕਾਰਜ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਗਿਆਨੀ ਮਲਕੀਤ ਸਿੰਘ ਨੇ ਗ਼ਲਤ ਠਹਿਰਾਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਵੀ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਮਾਮਲੇ ਦਰਜ ਕਰਨੇ ਚਾਹੀਦੇ ਹਨ ਕਿ ਪੰਜਾਬ ਦੀ ਧਰਤੀ ਉੱਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਰੋਕਾਂ ਲਗਾ ਕੇ ਉਨ੍ਹਾਂ ਨੂੰ ਜਖ਼ਮੀ ਕੀਤਾ ਗਿਆ ਹੈ।
ਕਿਸਾਨ ਮਜਬੂਰ ਹੋ ਕੇ ਦਿੱਲੀ ਕੂਚ ਕਰ ਰਹੇ :ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਚਲਾਈਆਂ ਗਈਆਂ ਗੋਲੀਆਂ ਅਤੇ ਅੱਥਰੂ ਗੈਸ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਕਿਹਾ ਕਿਸਾਨ ਸਰਕਾਰਾਂ ਕੋਲੋਂ ਆਪਣਾ ਹੱਕ ਮੰਗ ਮੰਗ ਕੇ ਥੱਕ ਚੁੱਕੇ ਹਨ। ਪਰ, ਸਰਕਾਰਾਂ ਦੇ ਕੰਨਾਂ ਉੱਤੇ ਕੋਈ ਜੂ ਨਹੀਂ ਸਰਕ ਰਹੀ। ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿ ਮਜਬੂਰੀ ਦੇ ਚੱਲਦੇ ਕਿਸਾਨਾਂ ਨੂੰ ਦਿੱਲੀ ਵੱਲ ਦੁਬਾਰਾ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਡੇ ਵੱਡੇ ਸਰਮਾਏਦਾਰਾਂ ਦਾ ਕਰਜ਼ਾ ਮਾਫ ਕਰ ਰਹੀ ਹੈ ਅਤੇ ਗਰੀਬ ਕਿਸਾਨ ਜਿਹੜੇ ਦੇਸ਼ ਨੂੰ ਅੰਨ ਦਿੰਦੇ ਹਨ, ਉਨ੍ਹਾਂ ਦਾ ਕਰਜ਼ਾ ਮਾਫ ਨਹੀਂ ਕਰ ਰਹੀ। ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਉਹ ਪਿੱਛੇ ਨਹੀਂ ਹਟੇ ਤੇ ਉਹ ਦਿੱਲੀ ਵੱਲ ਕੂਚ ਕਰ ਰਹੇ ਹਨ।