ਅੰਮ੍ਰਿਤਸਰ:ਪੰਜਾਬ ਭਰ ਦੀਆਂ ਦਾਣਾ ਮੰਡੀਆਂ ਦੇ ਵਿੱਚ ਇਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਹਲਚਲ ਜਾਂ ਰੌਣਕ ਦਿਖਾਈ ਨਹੀਂ ਦੇ ਰਹੀ ਹੈ। ਜਿਸ ਦਾ ਕਾਰਨ ਹੈ ਕਿ ਦਾਣਾ ਮੰਡੀਆਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਵੱਲੋਂ ਮਜ਼ਦੂਰੀ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ 1 ਅਕਤੂਬਰ ਤੋਂ ਮੁਕੰਮਲ ਹੜਤਾਲ ਕੀਤੀ ਗਈ ਹੈ। ਜਿਸ ਸਬੰਧੀ ਮਜ਼ਦੂਰਾਂ ਵੱਲੋਂ ਪਹਿਲਾਂ ਹੀ 29 ਸਤੰਬਰ ਨੂੰ ਮੰਡੀ ਦੇ ਵਿੱਚ ਜਗ੍ਹਾ-ਜਗ੍ਹਾ ਇਸ਼ਤਿਹਾਰ ਲਗਾ ਕੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਅਤੇ ਨਾਲ ਹੀ ਮੰਡੀ ਵਿੱਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਸਰਕਾਰ ਵੱਲੋਂ ਮਜ਼ਦੂਰਾਂ ਦੇ ਮਜ਼ਦੂਰੀ ਰੇਟ ਵਧਾਏ ਨਹੀਂ ਜਾਂਦੇ ਉਦੋਂ ਤੱਕ ਸਮੂਹ ਮਜ਼ਦੂਰ ਯੂਨੀਅਨ ਮੰਡੀ ਦੇ ਵਿੱਚ ਹੜਤਾਲ 'ਤੇ ਰਹਿਣਗੀਆਂ ਅਤੇ ਫਸਲ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੰਮ ਕਾਜ ਨਹੀਂ ਕੀਤਾ ਜਾਵੇਗਾ।
ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਵੀ ਨਹੀਂ ਦਿਖਾਈ ਦੇ ਰਹੀ ਮੰਡੀਆਂ ਵਿੱਚ ਰੌਣਕ (Etv Bharat (ਪੱਤਰਕਾਰ, ਅੰਮ੍ਰਿਤਸਰ)) ਕੋਈ ਵੀ ਸਰਕਾਰੀ ਅਧਿਕਾਰੀ ਸਾਰ ਲੈਣ ਨਹੀਂ ਆਇਆ
ਅੱਜ ਹੜਤਾਲ ਦੇ ਦੂਸਰੇ ਦਿਨ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ ਗੱਲਬਾਤ ਕਰਦੇ ਹੋਏ ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਤੋਂ ਉਨ੍ਹਾਂ ਵੱਲੋਂ ਮੰਡੀ ਦੇ ਵਿੱਚ ਹੜਤਾਲ ਕੀਤੀ ਗਈ ਹੈ। ਪਰ ਬਾਵਜੂਦ ਇਸਦੇ ਹੁਣ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਇੱਕ ਤਰਫ ਸਰਕਾਰ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰ ਰਹੀ ਹੈ ਅਤੇ ਦੂਸਰੀ ਤਰਫ ਮਜ਼ਦੂਰਾਂ ਦੀ ਤਕਲੀਫ ਤੱਕ ਸੁਣਨ ਦੇ ਲਈ ਮੰਡੀ ਦੇ ਵਿੱਚ ਅਧਿਕਾਰੀ ਨਹੀਂ ਪਹੁੰਚ ਰਹੇ ਹਨ।
ਮਜ਼ਦੂਰੀ ਦਾ ਰੇਟ
ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਦੀ ਹੜਤਾਲ ਦੇ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਕੰਮ ਨਾ ਹੋਣ ਕਾਰਨ ਮਜ਼ਦੂਰਾਂ ਦੇ ਚੁੱਲੇ ਵੀ ਮੱਠੇ ਪੈਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦੇ ਕੋਲੋਂ ਅਪੀਲ ਕਰਦੇ ਹੋਏ ਕਿਹਾ ਹੈ ਕਿ ਹਰਿਆਣਾ ਮਜ਼ਦੂਰਾਂ ਦੀ ਮਜ਼ਦੂਰੀ ਰੇਟ ਦੇ ਅਨੁਸਾਰ ਮੰਡੀ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਪ੍ਰਤੀਬੋਰੀ ਇੱਕ ਰੁਪਇਆ 80 ਪੈਸੇ ਲੋਡਿੰਗ ਦੀ ਬਜਾਏ ਪੰਜ ਰੁਪਏ ਪ੍ਰਤੀ ਬੋਰੀ ਲੋਡਿੰਗ ਦਿੱਤੀ ਜਾਵੇ। ਇਸ ਦੇ ਨਾਲ ਹੀ 25% ਮਜ਼ਦੂਰੀ ਵਾਧਾ ਕੀਤਾ ਜਾਵੇ ਅਤੇ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਉਕਤ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ। ਉਦੋਂ ਤੱਕ ਦਾਣਾ ਮੰਡੀਆਂ ਦੇ ਵਿੱਚ ਹੜਤਾਲ ਜਾਰੀ ਰਹੇਗੀ ਅਤੇ ਕੋਈ ਵੀ ਮਜ਼ਦੂਰ ਕੰਮ ਨਹੀਂ ਕਰੇਗਾ।