ਚੰਡੀਗੜ੍ਹ: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਇੱਥੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਬੇਸ਼ੱਕ ਠੰਢ ਨੇ ਮਾਹੌਲ ਠੰਡਾ ਰੱਖਿਆ ਹੈ ਪਰ ਸਿਆਸੀ ਮਾਹੌਲ ਭਖ ਚੁੱਕਿਆ ਹੈ। ਉਥੇ ਹੀ ਪੁਲਿਸ ਵਲੋਂ ਨਿਰਪੱਖ ਅਤੇ ਸੁਰੱਖਿਅਤ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ।
ਇਸ ਵਿਚਾਲੇ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ ਵਿੱਚ ਵੋਟਿੰਗ ਸ਼ੁਰੂ ਹੋਣ ਮਗਰੋਂ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੌਕੇ ਉੱਤੇ ਪੁਲਿਸ ਨੇ ਹਲਕੇ ਦੇ ਬਾਹਰੋਂ ਆਏ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਹਮਾਇਤੀਆਂ ਦੇ ਹੱਕ ਦੇ ਵਿੱਚ ਪਹੁੰਚੇ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵੀ ਆਪਣੇ ਸਮਰਥਕਾਂ ਦੇ ਹੱਕ ਦੇ ਵਿੱਚ ਪਹੁੰਚੇ। ਇਸ ਦੌਰਾਨ ਦੋਵੇਂ ਲੀਡਰਾਂ ਨੇ ਇੱਕ ਦੂਜੇ ਉੱਤੇ ਗੈਂਗਸਟਰਾਂ ਦਾ ਸਾਥ ਦੇਣ ਦੇ ਦੋਸ਼ ਲਗਾਏ ਹਨ।
ਡੇਰਾ ਬਾਬਾ ਨਾਨਕ ਸੀਟ 'ਤੇ ਡੇਰਾ ਪਠਾਣਾਂ ਦੇ ਪੋਲਿੰਗ ਬੂਥ 'ਤੇ ਕਾਂਗਰਸ ਅਤੇ 'ਆਪ' ਸਮਰਥਕਾਂ ਵਿਚਾਲੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਵੋਟਿੰਗ ਨੂੰ ਲੈ ਕੇ ਦੋਵੇਂ ਆਪਸ 'ਚ ਭਿੜ ਗਏ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲਾ ਹੁਣ ਸ਼ਾਂਤ ਕਰਵਾ ਦਿੱਤਾ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਹ ਮੌਕੇ 'ਤੇ ਪਹੁੰਚੇ ਹਨ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਮਾਨ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੂੰ ਬਚਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਬਾਹਰੋਂ ਆਏ ਵਿਅਕਤੀਆਂ ਨੇ ਹਮਲਾ ਕੀਤਾ, ਜਿੰਨ੍ਹਾਂ 'ਚ ਇੱਕ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੀ ਹਾਰ ਤੋਂ ਬੁਖਲਾਹਟ 'ਚ ਹਨ, ਜਿਸ ਕਾਰਨ ਉਹ ਅਜਿਹੇ ਹੱਥਕੰਢੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੇ ਧੱਕੇ ਤੋਂ ਡਰਨ ਵਾਲੇ ਨਹੀਂ ਹਾਂ।
ਇਸ ਮੌਕੇ ਆਪ ਉਮੀਦਵਾਰ ਨੇ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਅੱਜ ਤੱਕ ਗੈਂਗਸਟਰ ਪਾਲੇ ਨੇ, ਉਨ੍ਹਾਂ ਨੂੰ ਹੀ ਗੈਂਗਸਟਰਾਂ ਤੋਂ ਹੁਣ ਡਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਮੌਕੇ 'ਤੇ ਆਇਆ ਹਾਂ ਤੇ ਮੇਰੇ ਨਾਲ ਮੇਰਾ ਪਰਿਵਾਰ ਤੇ ਹੋਰ ਰਿਸ਼ਤੇਦਾਰ ਹਨ। ਇੰਨ੍ਹਾਂ 'ਚ ਕੋਈ ਗੈਂਗਸਟਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨੇ ਪਿਛਲੇ ਪੰਜਾਂ ਸਾਲਾਂ 'ਚ ਡੇਰਾ ਬਾਬਾ ਨਾਨਕ 'ਚ ਛੇ-ਸੱਤ ਕਤਲ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਵੋਟ ਲੋਕਾਂ ਨੇ ਪਾਉਣੀ ਹੈ ਤੇ ਉਹ ਅਪੀਲ ਕਰਦੇ ਹਨ ਕਿ ਸ਼ਾਂਤਮਈ ਢੰਗ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਅਸੀਂ ਜਿੱਤ ਵੱਲ ਜਾ ਰਹੇ ਹਾਂ ਤੇ ਹਾਰਨ ਵਾਲਾ ਵਿਅਕਤੀ ਗੁੰਡਾਗਰਦੀ ਕਰਦਾ ਹੈ।