ਚੰਡੀਗੜ੍ਹ: ਇੱਕ ਪਾਸੇ ਜਿਥੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਅਸਤੀਫ਼ੇ ਤੋਂ ਸੁਰਖੀਆਂ 'ਚ ਹੈ ਤਾਂ ਉਥੇ ਹੀ ਹੁਣ ਪਾਰਟੀ ਦੇ ਕਈ ਲੀਡਰ ਸ਼੍ਰੋਮਣੀ ਅਕਾਲੀ ਦਲ ਛੱਡਦੇ ਜਾ ਰਹੇ ਹਨ। ਬੀਤੇ ਦਿਨੀਂ ਜਿਥੇ ਤਰਨ ਤਾਰਨ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਗਿਆ ਸੀ। ਉਥੇ ਹੀ ਹੁਣ ਅਕਾਲੀ ਦਲ ਨੂੰ ਅੰਮ੍ਰਿਤਸਰ ਦੇ ਵਿੱਚ ਵੱਡਾ ਝਟਕਾ ਲੱਗਾ ਹੈ। ਦਰਅਸਲ ਹਾਲ ਹੀ ਵਿੱਚ ਅਨਿਲ ਜੋਸ਼ੀ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਕਾਰਜਕਾਰੀ ਪ੍ਰਧਾਨ ਨੂੰ ਭੇਜਿਆ ਅਸਤੀਫ਼ਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਪੱਤਰ ਭੇਜਦਿਆਂ ਪਾਰਟੀ ਦੇ ਹਾਲਾਤਾਂ ਨੂੰ ਵੇਖਦਿਆਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਜੋਸ਼ੀ ਨੇ ਆਪਣੇ ਅਸਤੀਫੇ 'ਚ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਪਾਰਟੀ 'ਚ ਆਪਣੀ ਸੋਚ ਮੁਤਾਬਿਕ ਕੰਮ ਕਰਨਾ ਮੁਸ਼ਕਿਲ ਹੋਣਾ ਦੱਸਿਆ ਹੈ। ਇਸ ਵਿੱਚ ਉਨ੍ਹਾਂ ਨੇ ਪਾਰਟੀ ਛੱਡਣ ਦਾ ਕਾਰਨ ਵਿਸਤਾਰਪੂਰਵਕ ਦੱਸਿਆ ਹੈ।
'ਕਿਸਾਨਾਂ ਦੇ ਹੱਕ 'ਚ ਬੋਲਣ 'ਤੇ ਭਾਜਪਾ ਨੇ ਕੱਢਿਆ'
ਅਨਿਲ ਜੋਸ਼ੀ ਨੇ ਆਪਣੇ ਅਸਤੀਫ਼ੇ 'ਚ ਲਿਖਿਆ ਕਿ, ਮੈਂ 2021 ਵਿੱਚ ਸ੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਿਆ ਸੀ, ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪੰਜਾਬ ਅਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਤਿੰਨ ਕਿਸਾਨੀ ਕਾਨੂੰਨਾਂ ਦੇ ਖਿਲਾਫ ਆਵਾਜ ਬੁਲੰਦ ਕਰਨ ਕਰਕੇ ਪਾਰਟੀ ਵਿਚੋਂ 6 ਸਾਲਾਂ ਲਈ ਕੱਢ ਦਿੱਤਾ ਸੀ। ਮੈਂ ਇਸ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਸੀ ਕਿ ਮੈਂ ਹਮੇਸ਼ਾ ਇਹ ਮਹਿਸੂਸ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਦੇ ਝੰਡਾਬਰਦਾਰ ਹਨ ਅਤੇ 5 ਵਾਰ ਮੁੱਖ ਮੰਤਰੀ ਬਣ ਕੇ ਉਨ੍ਹਾਂ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਅਤੇ ਇਹੋ ਸੋਚ ਮੈਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਨਜ਼ਰ ਆਉਂਦੀ ਸੀ।
'ਪੰਜਾਬ ਦੇ ਲੋਕਾਂ ਦੀ ਸੇਵਾ ਲਈ ਅਕਾਲੀ ਦਲ 'ਚ ਆਏ'
ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਜੋ ਹਾਲਾਤ ਪਾਰਟੀ ਵਿੱਚ ਬਣੇ ਅਤੇ ਜੋ ਮੁੱਦੇ ਇਸ ਸਮੇਂ ਪਾਰਟੀ ਉਪਰ ਹਾਵੀ ਹਨ। ਇਨ੍ਹਾਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਹੈ। ਇਸ ਲਈ ਬਹੁਤ ਲੰਮਾ ਸੋਚਣ ਤੋਂ ਬਾਅਦ ਮੈਂ ਇਸ ਫੈਸਲੇ 'ਤੇ ਪਹੁੰਚਿਆ ਹਾਂ ਕਿ ਮੇਰੇ ਲਈ ਸ੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਆਪਣੀ ਸੋਚ ਮੁਤਾਬਿਕ ਕੰਮ ਕਰਨਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਜੋ ਕਿ ਮੇਰੀ ਜਿੰਦਗੀ ਦਾ ਪਹਿਲਾ ਅਤੇ ਆਖਰੀ ਮੰਤਵ ਹੈ, ਸੰਭਵ ਨਹੀ ਹੈ। ਇਸ ਲਈ ਮੈਂ ਭਰੇ ਮੰਨ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅ੍ਹੁਦਿਆਂ ਤੋਂ ਅਸਤੀਫ਼ਾ ਭੇਜ ਰਿਹਾ ਹਾਂ। ਬੇਨਤੀ ਹੈ ਕਿ ਇਸ ਨੂੰ ਤੁਰੰਤ ਸਵਿਕਾਰ ਕੀਤਾ ਜਾਵੇ।
ਸਾਬਕਾ ਵਿਧਾਇਕ ਵੀ ਦੇ ਚੁੱਕਿਆ ਅਸਤੀਫ਼ਾ
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਤਰਨ ਤਾਰਨ ਵਿਧਾਨ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਭੇਜੇ ਅਸਤੀਫੇ ਪਿੱਛੇ ਨਿੱਜੀ ਕਾਰਨ ਦੱਸੇ ਸਨ। ਉਨ੍ਹਾਂ ਲਿਖਿਆ ਸੀ ਕਿ, ਉਹ ਪਾਰਟੀ ਦੀ ਮੈਂਬਰਸ਼ਿਪ ਅਤੇ ਅਹੁਦਿਆਂ ਤੋਂ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਰਹੇ ਹਨ।
ਸੁਖਬੀਰ ਬਾਦਲ ਦੇ ਅਸਤੀਫ਼ੇ ਨੂੰ ਲੈਕੇ ਫੈਸਲਾ ਬਾਕੀ
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਅਸਤੀਫ਼ੇ ਕਾਰਨ ਸ਼੍ਰੋਮਣੀ ਅਕਾਲੀ ਦਲ ਚਰਚਾ 'ਚ ਹੈ, ਜਦਕਿ ਕੋਰ ਕਮੇਟੀ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਹਾਲਾਂਕਿ ਕੋਰ ਕਮੇਟੀ ਦੇ ਫੈਂਸਲੇ ਤੋਂ ਪਹਿਲਾਂ ਹੀ ਪਾਰਟੀ ਦੇ ਹੋਰ ਕਈ ਲੀਡਰਾਂ ਨੇ ਸੁਖਬੀਰ ਬਾਦਲ ਦੇ ਹੱਕ 'ਚ ਅਸਤੀਫ਼ਾ ਦੇਣ ਦੀ ਗੱਲ ਆਖੀ ਸੀ। ਜਿਸ ਤੋਂ ਬਾਅਦ ਕੋਰ ਕਮੇਟੀ ਨੇ ਸੁਖਬੀਰ ਬਾਦਲ ਦੇ ਅਸਤੀਫ਼ੇ ਨੂੰ ਲੈਕੇ ਜ਼ਿਲ੍ਹਾ ਪੱਧਰੀ ਟੀਮਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਂਸਲਾ ਲੈਣ ਦੀ ਗੱਲ ਆਖੀ ਸੀ।